- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਗੁਰੂ ਨਾਨਕ ਕਾਲਜ ਦੇ ਐਨ.ਐਸ.ਐਸ.

ਚਤਰ ਸਿੰਘ, ਪੰਜਾਬੀ ਜਾਗਰਣ
ਬੁਢਲਾਡਾ
ਸਥਾਨਕ ਗੁਰੂ ਨਾਨਕ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਕਾਲਜ ਕੈਂਪਸ ਵਿੱਚ ਇੱਕ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ। ਇਸ ਵਿੱਚ ਤਕਰੀਬਨ 100 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਖੁਦ ਹੱਥੀਂ ਸਫ਼ਾਈ ਕਾਰਜ ਸ਼ੁਰੂ ਕਰਕੇ ਕੀਤਾ। ਇਸ ਦੌਰਾਨ ਵਲੰਟੀਅਰਾਂ ਨੇ ਕਾਲਜ ਪਾਰਕ ਦੀ ਸਫ਼ਾਈ ਕੀਤੀ, ਘਾਹ-ਫੂਸ ਅਤੇ ਕੂੜਾ-ਕਰਕਟ ਹਟਾਇਆ ਅਤੇ ਮਿੱਟੀ ਨੂੰ ਪੱਧਰਾ ਕਰਕੇ ਪਾਰਕ ਦੀ ਦਿੱਖ ਨੂੰ ਨਿਖਾਰਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਐਨਐਸਐਸ ਦਾ ਮੁੱਖ ਮੰਤਵ ‘ਮੈਂ ਨਹੀਂ, ਤੂੰ’ ਹੈ, ਜੋ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ - ਨਾਲ ਸਮਾਜ ਸੇਵਾ, ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਆਪਸੀ ਭਾਈਚਾਰੇ ਦਾ ਪਾਠ ਪੜ੍ਹਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਸਿਰਫ਼ ਡਿਗਰੀਆਂ ਵੰਡਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਆਲੇ - ਦੁਆਲੇ ਨੂੰ ਸਾਫ਼ - ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਡਾ. ਜਗਦੀਪ ਸਿੰਘ (ਅਰਥ ਸ਼ਾਸਤਰ ਵਿਭਾਗ) ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਡਾ. ਗੁਰਪ੍ਰੀਤ ਕੌਰ (ਸਰੀਰਕ ਸਿੱਖਿਆ ਵਿਭਾਗ) ਅਤੇ ਸੁਪਰਡੈਂਟ ਅਮਨਪ੍ਰੀਤ ਸਿੰਘ ਨੇ ਵੀ ਹਾਜ਼ਰ ਰਹਿ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਅੰਤ ਵਿੱਚ ਡਾ. ਜਗਦੀਪ ਸਿੰਘ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ।