ਆੜ੍ਹਤੀ ਐਸ਼ੋਸ਼ੀਏਸ਼ਨ ਮਾਨਸਾ ਵੱਲੋਂ ਮੰਡੀਆਂ ਬੰਦ ਰੱਖਣ ਦਾ ਐਲਾਨ
ਫੈਡਰੇਸ਼ਨ ਆਫ ਆੜ੍ਹਤੀਆ ਐਸ਼ੋਸ਼ੀਏਸ਼ਨ
Publish Date: Wed, 01 Apr 2026 07:31 PM (IST)
Updated Date: Thu, 02 Apr 2026 04:11 AM (IST)
-ਜਿੰਨਾ ਚਿਰ ਸਰਕਾਰ ਮੰਗਾਂ ਨਹੀਂ ਮੰਨਦੀ, ਸੰਘਰਸ਼ ਰਹੇਗਾ ਜਾਰੀ : ਆੜ੍ਹਤੀ ਐਸੋਸੀਏਸ਼ਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਫੈਡਰੇਸ਼ਨ ਆਫ਼ ਆੜ੍ਹਤੀਆ ਐਸ਼ੋਸ਼ੀਏਸ਼ਨ ਪੰਜਾਬ ਦੇ ਸੱਦੇ ਤੇ ਆੜਤੀਆ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਵੱਲੋਂ 1 ਅਪ੍ਰੈਲ ਤੋਂ ਮੰਡੀਆਂ ਪੂਰਨ ਬੰਦ ਰੱਖਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਮੰਗਾਂ ਜਿਵੇਂ ਕਿ ਕਣਕ ਅਤੇ ਜ਼ੀਰੀ ’ਤੇ ਮੰਡੀ ਬੋਰਡ ਦੇ ਐਕਟ ਮੁਤਾਬਕ 2.50 ਫ਼ੀਸਦੀ ਆੜਤ ਦੇਣੀ, ਐਫਸੀਆਈ ਅਤੇ ਹੋਰਨਾਂ ਖ਼ਰੀਦ ਏਜੰਸੀਆਂ ਵੱਲੋਂ ਆੜ੍ਹਤੀਆਂ ਤੋਂ ਕੱਟਿਆ ਈਪੀਐਫ਼ ਜੋ ਕਿ ਤਕਰੀਬਨ 55 ਕਰੋੜ ਦੇ ਕਰੀਬ ਬਣਦਾ ਹੈ। ਉਸ ’ਤੇ ਪੂਰੀ 2.50 ਫ਼ੀਸਦੀ ਆੜ੍ਹਤ ਦੇਣਾ, ਜਿੰਨਾ ਚਿਰ ਸਰਕਾਰ ਸਾਡੀਆਂ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਕਰਦੀ। ਉਨ੍ਹਾਂ ਸਮਾਂ ਪੂਰੇ ਪੰਜਾਬ ਵਿੱਚ ਆੜ੍ਹਤੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਰੱਖੀ ਜਾਵੇਗੀ।
ਬੱਬੀ ਦਾਨੇਵਾਲੀਆ ਨੇ ਪੰਜਾਬ ਸਰਕਾਰ ਦੀ ਪੂਰ੍ਹੀ ਅਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਤਕਰੀਬਨ ਦੋ ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆੜ੍ਹਤੀਆਂ ਨੂੰ ਪੂਰਨ ਭਰੋਸਾ ਦਿਵਾਇਆ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਆੜ੍ਹਤੀਆਂ ਨੂੰ ਪੂਰੀ ਆੜ੍ਹਤ ਨਾ ਦਿੱਤੀ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਪੰਜਾਬ ਦੇ ਆੜ੍ਹਤੀਆਂ ਨੂੰ ਪੂਰ੍ਹੀ ਆੜਤ ਦੇਵੇਗੀ, ਪਰ ਦੋ ਸਾਲ ਬੀਤਣ ਬਾਅਦ ਵੀ ਪਰਨਾਲਾ ਉਸੇ ਥਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੇ ਆੜ੍ਹਤੀ ਵਰਗ ਨਾਲ ਵੱਡਾ ਧੋਖਾ ਕੀਤਾ ਹੈ। ਜਤਿੰਦਰ ਮੋਹਨ ਗਰਗ ਬਰੇਟਾ ਵਾਈਸ ਪ੍ਰਧਾਨ ਪੰਜਾਬ ਅਤੇ ਰਮੇਸ਼ ਟੋਨੀ ਜਨਰਲ ਸਕੱਤਰ ਨੇ ਕਿਹਾ ਕਿ ਜਿਵੇਂ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਆੜ੍ਹਤੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ। ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਆਪਣਾ ਕੀਤਾ ਵਾਅਦਾ ਪੂਰਾ ਕਰੇ। ਉਨ੍ਹਾਂ ਨੇ ਵੀ ਦੁਹਰਾਇਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨੇ ਸਾਡੀਆਂ ਸਾਰੀਆਂ ਮੰਗਾਂ ਨਾਂ ਮੰਨੀਆਂ ਤਾਂ ਅਸੀਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀ ਵਰਗ ਨਰਮੀ ਦਿਖਾਉਣ ਜਾਣਦਾ ਹੈ ਤਾਂ ਉਹ ਸੜਕਾਂ ਤੇ ਆ ਕੇ ਤਿੱਖਾ ਸੰਘਰਸ਼ ਵੀ ਕਰ ਸਕਦਾ ਹੈ। ਸਾਡੀ ਨਰਮੀ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਉਨ੍ਹਾਂ ਐਲਾਨ ਕੀਤਾ ਗਿਆ ਜਿਨ੍ਹਾਂ ਚਿਰ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਸਮਾਂ ਪੰਜਾਬ ਦੇ ਸਾਰੇ ਆੜ੍ਹਤੀਏ ਅਣਮਿੱਥੇ ਸਮੇਂ ਲਈ ਹੜਤਾਲ ਤੇ ਰਹਿਣਗੇ। ਇਸ ਸਮੇਂ ਉਨ੍ਹਾਂ ਨਾਲ ਬੁਢਲਾਡਾ ਦੇ ਪ੍ਰਧਾਨ ਪ੍ਰਵੀਨ ਕੁਮਾਰ ਸਰਦੂਲਗੜ੍ਹ ਦੇ ਪ੍ਰਧਾਨ ਦਰਸ਼ਨ ਮਿੱਤਲ, ਸਾਹਿਲ ਚੌਧਰੀ, ਭੀਖੀ ਦੇ ਪ੍ਰਧਾਨ ਸੁਰੇਸ਼ ਕੁਮਾਰ ਸਮਾਓਂ ਹਾਜ਼ਰ ਸਨ।