- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਡਾ

‘ਹਰ ਸ਼ੁੱਕਰਵਾਰ, ਡੇਂਗੂ |ਤੇ ਵਾਰ’ ਮੁਹਿੰਮ ਤਹਿਤ ਕੀਤੀਆਂ ਸਰਗਰਮੀਆਂ : ਡਾ. ਰਾਏ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਯੋਗ ਅਗਵਾਈ ਹੇਠ ‘ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿਖੇ ਡੇਂਗੂ ਪ੍ਰਤੀ ਸੁਚੇਤ ਰਹਿਣ ਦੇ ਵਿਸ਼ੇ ਅਧੀਨ ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ ਸਬੰਧੀ ਸ਼ੁਰੂਆਤ ਜ਼ਿਲ੍ਹਾ ਸਿਵਲ ਹਸਪਤਾਲ ਮਾਨਸਾ ਤੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਤੇ ਜਾਗਰੂਕਤਾ ਲਈ ਇਸ ਸਾਲ ਸਿਹਤ ਵਿਭਾਗ ਵੱਲੋਂ ‘ਡੇਂਗੂ-ਮੁਕਤ ਭਵਿੱਖ ਲਈ ਇੱਕਜੁੱਟ ਹੋਵੋ’ ਥੀਮ ਨਿਰਧਾਰਤ ਕੀਤਾ ਗਿਆ ਹੈ, ਜਿਸ ਤਹਿਤ ਸਾਰਿਆਂ ਨੂੰ ਇੱਕਜੁੱਟ ਹੋ ਕੇ ਡੇਂਗੂ ਮੁਕਤ ਸਮਾਜ ਸਿਰਜਣਾ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਨਰਸਿੰਗ ਕਾਲਜ ਦੇ ਸਿੱਖਿਆਰਥੀਆਂ, ਲੇਬਰ ਮੈਂਬਰਾਂ ਦੇ ਸਹਿਯੋਗ ਨਾਲ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਾਏ ਨੇ ਕਿਹਾ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ, ਜੋ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਜਦੋਂ ਡੇਂਗੂ ਤੋਂ ਪੀੜਤ ਵਿਅਕਤੀ ਨੂੰ ਕੱਟ ਕੇ ਇਕ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਚੌਦਾ ਦਿਨਾਂ ਦੇ ਅੰਦਰ ਅੰਦਰ ਤੰਦਰੁਸਤ ਵਿਅਕਤੀ ਵਿੱਚ ਡੇਂਗੂ ਦੇ ਲੱਛਣ ਆਉਣਾ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬੁਖਾਰ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਤੇਜ਼ ਦਰਦ ਹੋਣਾ, ਉਲਟੀਆਂ, ਜੀ ਘਬਰਾਉਣਾ ਅਤੇ ਮਾਸਪੇਸ਼ੀਆਂ ਵਿੱਚ ਦਰਦ ਹਨ, ਜੇਕਰ ਕਿਸੇ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਨੇੜਲੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣੀ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਵਾਰਡ ਬਣਾਏ ਗਏ ਹਨ। ਜ਼ਿਲ੍ਹਾ ਪੱਧਰ ਤੇ ਡੇਂਗੂ ਦਾ ਮੁਫ਼ਤ ਟੈਸਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਹੋਣ ਤੇ ਘਬਰਾਉਣ ਦੀ ਲੋੜ਼ ਨਹੀਂ ਹੈ। ਪੀੜ੍ਹਤ ਵਿਅਕਤੀ ਨੂੰ ਵਧੇਰੇ ਅਰਾਮ ਕਰਨਾ ਅਤੇ ਵਧੇਰੇ ਤਰਲ ਪਦਾਰਥ ਪੀਣੇ ਚਾਹੀਦੇ ਹਨ। ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਬਹੁਤੀ ਉੱਚਾਈ ਤੱਕ ਨਹੀਂ ਉੱਡ ਸਕਦਾ। ਡੇਂਗੂ ਦਾ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ । ਇਸ ਮੱਛਰ ਦਾ ਲਾਰਵਾ ਫ਼ਰਿੱਜਾਂ ਦੇ ਪਿਛਲੇ ਪਾਸੇ ਦੀ ਟਰੇਅ, ਕੂਲਰਾਂ ਵਿੱਚ ਇੱਕ ਹਫ਼ਤੇ ਤੋਂ ਵੱਧ ਖੜ੍ਹੇ ਪਾਣੀ, ਟੁੱਟੇ-ਫੁੱਟੇ ਬਰਤਨਾਂ ਅਤੇ ਛੱਤਾਂ ਆਦਿ ਤੇ ਪਏ ਗਮਲੇ ਟਾਇਰਾਂ ਵਿਚ ਵਧਦਾ ਫੁਲਦਾ ਹੈ। ਇਸ ਲਈ ਹਫ਼ਤੇ ਵਿੱਚ ਇੱਕ ਵਾਰ ਕੂਲਰ ਦੇ ਪਾਣੀ ਨੂੰ ਕੱਢ ਕੇ ਸੁਕਾਉਣਾ ਚਾਹੀਦਾ ਹੈ।
ਇਸ ਮੌਕੇ ਡਾ. ਰਮਨਦੀਪ ਕੌਰ ਜ਼ਿਲ੍ਹਾ ਐਪੀਡੀਮੈਲੋਜਿਸਟ ਨੇ ਕਿਹਾ ਕਿ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਣ ਲਈ ਜਾਗਰੂਕਤਾ ਮਟੀਰੀਅਲ ਵੰਡ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਦਰਸ਼ਨ ਸਿੰਘ, ਸੰਤੋਸ਼ ਭਾਰਤੀ ਐਪੀਡੀਮੋਲੋਜਿਸਟ, ਸਿਹਤ ਸੁਪਰਵਾਈਜ਼ਰ ਰਾਮ ਕੁਮਾਰ, ਗੁਰਵਿੰਦਰ ਕੌਰ ਨਰਸਿੰਗ ਸਟਾਫ਼, ਐਲਐਚਵੀ ਸੁਸ਼ਮਾ ਰਾਣੀ, ਬਲਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਸੁਖਜੀਤ ਕੌਰ ਏਐਨਐਮ ਕ੍ਰਿਸ਼ਨ ਕੁਮਾਰ ਇਨਸੈਕਟ ਕਲੈਕਟਰ ਆਦਿ ਹਾਜ਼ਰ ਸਨ।