ਖੇਤੀਬਾੜੀ ਸਕੀਮਾਂ, ਸਬਸਿਡੀਆਂ ਲਈ ਫਾਰਮਰ ਆਈਡੀ ਬਣਵਾਉਣਾ ਲਾਜ਼ਮੀ : ਮੁੱਖ ਖੇਤੀਬਾੜੀ ਅਫ਼ਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
Publish Date: Wed, 09 Sep 2026 06:08 PM (IST)
Updated Date: Thu, 10 Sep 2026 04:02 AM (IST)
ਫ਼ੋਟੋ : 02 ਐਮਏਐਨ ਕੈਪਸ਼ਨ : ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ। ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਦੀ ਐਗਰੀਸਟੈਕ ਅਧੀਨ ਫ਼ਾਰਮਰ ਆਈ.ਡੀ. ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਰ ਕਿਸਾਨ ਦੀ ਇੱਕ ਵਿਲੱਖਣ ਐਗਰੀਸਟੈਕ ਆਈ.ਡੀ. ਬਣਾਈ ਜਾ ਰਹੀ ਹੈ, ਜੋ ਭਵਿੱਖ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਖੇਤੀਬਾੜੀ ਸਕੀਮਾਂ, ਸਬਸਿਡੀਆਂ ਅਤੇ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ’ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਸ ਦੀ ਵੱਖਰੀ ਫਾਰਮਰ ਰਜਿਸਟਰੀ ਬਣਵਾਉਣੀ ਜ਼ਰੂਰੀ ਹੈ। ਇਸ ਲਈ ਜ਼ਮੀਨ ਦੇ ਘੱਟ ਜਾਂ ਵੱਧ ਹੋਣ ਸਬੰਧੀ ਕੋਈ ਸ਼ਰਤ ਨਹੀਂ ਹੈ। ਪਰਿਵਾਰ ਦੇ ਜਿਨ੍ਹਾਂ-ਜਿਨ੍ਹਾਂ ਮੈਂਬਰਾਂ ਦੇ ਨਾਮ ’ਤੇ ਵਾਹੀਯੋਗ ਜ਼ਮੀਨ ਦਰਜ ਹੈ, ਉਨ੍ਹਾਂ ਸਾਰਿਆਂ ਦੀ ਵੱਖ-ਵੱਖ ਫਾਰਮਰ ਰਜਿਸਟਰੀ ਬਣਵਾਈ ਜਾਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬਲਾਕ ਖੇਤੀਬਾੜੀ ਦਫ਼ਤਰਾਂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਦੀ ਫਾਰਮਰ ਆਈ.ਡੀ. ਬਣਾਈ ਜਾ ਰਹੀ ਹੈ। ਕਿਸਾਨ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਫਾਰਮਰ ਆਈ.ਡੀ. ਬਣਵਾਉਣ ਅਤੇ ਇਸ ਸਹੂਲਤ ਦਾ ਲਾਭ ਲੈਣ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ (ਸੀ.ਐੱਸ.ਸੀ.) ਵਿਖੇ ਵੀ ਫਾਰਮਰ ਰਜਿਸਟਰੀ/ਐਗਰੀਸਟੈਕ ਆਈ.ਡੀ. ਬਣਵਾਉਣ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਅਤੇ ਉਪਲਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਂਦੇ ਹੋਏ ਆਪਣੀ ਅਤੇ ਆਪਣੇ ਪਰਿਵਾਰ ਦੇ ਹਰੇਕ ਯੋਗ ਮੈਂਬਰ ਦੀ ਫਾਰਮਰ ਰਜਿਸਟਰੀ/ਐਗਰੀਸਟੈਕ ਕਿਸਾਨ ਆਈ.ਡੀ. ਜ਼ਰੂਰ ਬਣਵਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਸਹੂਲਤਾਂ ਦਾ ਲਾਭ ਲੈਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।