ਸਰਕਾਰੀ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਵਿਖੇ ਨਾਵਲਕਾਰ ਪਰਗਟ ਸਤੌਜ ਹੋਏ ਰੂਬਰੂ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਰਾਮਗੜ੍ਹ
Publish Date: Tue, 08 Sep 2026 05:31 PM (IST)
Updated Date: Tue, 08 Sep 2026 05:31 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਰਾਮਗੜ੍ਹ ਸ਼ਾਹਪੁਰੀਆਂ ਵਿਖੇ ਸਕੂਲ ਮੁਖੀ ਦਿਲਬਾਗ ਰਿਉਂਦ ਦੀ ਅਗਵਾਈ ਵਿੱਚ ਸੱਭਿਆਚਾਰਕ ਗਤੀਵਿਧੀਆਂ ਮੰਚ ਵੱਲੋਂ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੀ ਰੂਪਰੇਖਾ ਮੰਚ ਦੇ ਕੋਆਰਡੀਨੇਟਰ ਸੁਖਵਿੰਦਰ ਕੌਰ ਮਘਾਣੀਆਂ ਅਤੇ ਗੁਰਪ੍ਰੀਤ ਕੌਰ ਅਚਾਨਕ ਨੇ ਬਾਖੂਬੀ ਤਿਆਰ ਕੀਤੀ। ਸਮਾਗਮ ਦੇ ਸ਼ੁਰੂਆਤ ਵਿੱਚ ਸਟੇਜ ਸਕੱਤਰ ਸੁਖਵਿੰਦਰ ਕੌਰ ਮੰਘਾਣੀਆਂ ਨੇ ਪਰਗਟ ਸਤੌਜ ਦੀਆਂ ਸਾਹਿਤਕ ਕਿਰਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਤੌਜ ਨੇ ਸਤੌਜ ਦੀ ਜਰਖੇਜ਼ ਧਰਤੀ ਤੋਂ ਆਗਾਜ਼ ਕਰਦਿਆਂ ਪੰਜਾਬੀਅਤ ਨੂੰ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ। ਗੁਰਪ੍ਰੀਤ ਕੌਰ ਅਚਾਨਕ ਨੇ ਪਰਗਟ ਸਤੌਜ ਉਨ੍ਹਾਂ ਦੀ ਹਮਸਫ਼ਰ ਅੰਮ੍ਰਿਤ ਪਾਲ ਕੌਰ ਅਤੇ ਹਰਵਿੰਦਰ ਭਖੜਿਆਲ ਨੂੰ ਆਇਆਂ ਆਖਦਿਆਂ ਗੱਲ ਕੀਤੀ ਕਿ ਸਤੌਜ ਸਾਹਿਤਕ ਵਾਤਾਵਰਨ ਦਾ ਚਮਕਦਾ ਧਰੂਧਾਰਾ ਹੈ, ਜਿਸ ਦੇ ਨਾਵਲਾਂ ਵਿੱਚ ਪੇਂਡੂ ਧਰਾਤਲ ਨੂੰ ਸੋਹਣੇ ਸ਼ਬਦਾਂ ਵਿੱਚ ਪਰੋਇਆ ਹੈ। ਸੁਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਦੀ ਗੱਲ ਕਰਦਿਆਂ ਸਮੁੱਚੇ ਸਟਾਫ਼ ਦੀ ਏਕਤਾ ਦੀ ਗੱਲ ਕੀਤੀ। ਪਰਗਟ ਸਤੌਜ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਬੜੇ ਹੀ ਕਲਾਤਮਕ ਢੰਗ ਨਾਲ ਵਿਦਿਆਰਥੀਆਂ ਨੂੰ ਆਪਣੇ ਨਾਲ ਸ਼ੁਰੂ ਤੋ ਅਖੀਰ ਤੱਕ ਜੋੜੀ ਰੱਖਿਆ। ਸਕੂਲ ਦੀ ਵਿਦਿਆਰਥੀਅਣ ਦੇ ਪਾਤਰਾਂ ਬਾਰੇ ਸਵਾਲ ਕਰਨ ਤੇ ਸਤੌਜ ਨੇ ਦੱਸਿਆ ਕਿ ਨਾਵਲਾਂ ਦੇ ਪਾਤਰ ਲੱਭਣ ਲਈ ਉਸਨੂੰ ਜਿਆਦਾ ਘਾਲਣਾ ਨਹੀਂ ਘਾਲਣੀ ਪੈਂਦੀ ਸਗੋਂ ਉਹ ਉਸਨੂੰ ਆਪਣੇ ਆਲੇ ਦੁਆਲੇ ਵਿਚੋਂ ਹੀ ਮਿਲ ਜਾਂਦੇ ਹਨ। ਉਨਾਂ ਦੱਸਿਆ ਕਿ ਉਨ੍ਹਾਂ ਸ਼ੁਰੂਆਤ ਕਵਿਤਾ ਤੋਂ ਕਰਦਿਆ ਯਕਦਮ ਨਾਵਲ ਵੱਲ ਮੋੜਾ ਕੱਟਿਆ। ਨਾਵਲ ਲਿਖਦਿਆਂ ਘਰ ਵਿੱਚ ਸਭ ਤੋਂ ਵੱਧ ਸਹਿਯੋਗ ਉਨ੍ਹਾਂ ਦੀ ਹਮਸਫ਼ਰ ਅੰਮ੍ਰਿਤ ਦਾ ਰਿਹਾ, ਜੋ ਹਰ ਕਦਮ ਦਰ ਕਦਮ ਉਨ੍ਹਾਂ ਦੇ ਨਾਲ ਚੱਲੀ ਉਸਦੀ ਪਹਿਲੀ ਪਾਠਕ ਬਣੀ। ਇਸ ਤਰ੍ਹਾਂ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਸਮਾਗਮ ਦੇ ਅਖੀਰ ’ਚ ਸਕੂਲ ਮੁਖੀ ਦਿਲਬਾਗ ਰਿਉਂਦ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤੌਜ ਇਨਾਮਾਂ ਸਨਮਾਨਾਂ ਦੀ ਦੌੜ ਵਿਚ ਨਾ ਪੈ ਕੇ ਉਸਾਰੂ ਸਾਹਿਤ ਸਿਰਜਣ ਵਿੱਚ ਜੁਟਿਆ ਹੋਇਆ ਹੈ। ਢਾਹਾਂ ਇੰਟਰਨੈਸ਼ਨਲ ਪੁਰਸਕਾਰ ਜੇਤੂ ਸਤੌਜ ਨਾਵਲਕਾਰ ਹੋਣ ਦੇ ਨਾਲ ਨਾਲ ਇੱਕ ਸਫ਼ਰ ਘੁਮੱਕੜ, ਸੋਹਣਾ ਫੋਟੋ ਸ਼ੂਟ ਕਰਨ ਵਾਲਾ, ਪਰਿਵਾਰ ਨੂੰ ਸਮਾਂ ਦੇਣ ਵਾਲਾ ਖੂਬਸੂਰਤ ਇਨਸਾਨ ਹੈ। ਸਮਾਗਮ ਦੀਆਂ ਖੂਬਸੂਰਤ ਤਸਵੀਰਾਂ ਦਲਜੀਤ ਸਿੰਘ ਮਘਾਣੀਆਂ ਨੇ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ। ਇਸ ਸਮੇਂ ਲਲਿਤ ਕੁਮਾਰ, ਨਰਿੰਦਰ ਸਿੰਘ, ਮਨਜਿੰਦਰ ਸਿੰਘ, ਜਸਪ੍ਰੀਤ ਕੌਰ, ਰਾਜਦੀਪ ਕੌਰ, ਰੂਪ ਸਿੰਘ , ਗੁਰਦੀਪ ਸਿੰਘ ਆਦਿ ਸਟਾਫ਼ ਮੈਂਬਰ ਮੌਜੂਦ ਸਨ। ਅਖੀਰ ਵਿੱਚ ਮਹਿਮਾਨਾਂ ਦਾ ਮਾਨ ਸਨਮਾਨ ਕਰਦਿਆਂ ਸਤੌਜ ਤੋਂ ਸਕੂਲ ਦੇ ਗਤੀਵਿਧੀਆਂ ਮੰਚ ਦੇ ਸੰਚਾਲਕਾਂ ਦਾ ਵੀ ਸਨਮਾਨ ਕਰਵਾਇਆ ਗਿਆ।