ਐਨਐਚਐਮ ਕਾਮਿਆਂ ਦੀ ਕਲਮ ਛੋੜ ਹੜਤਾਲ ਜਾਰੀ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਅਧੀਨ
Publish Date: Mon, 31 Aug 2026 05:16 PM (IST)
Updated Date: Mon, 31 Aug 2026 05:19 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਅਧੀਨ ਕੰਮ ਕਰ ਰਹੇ ਸਿਹਤ ਕਾਮਿਆਂ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਵੀ ਸੀਐਚਸੀ ਖਿਆਲਾ ਕਲਾਂ, ਸਰਦੂਲਗੜ੍ਹ, ਬੁਢਲਾਡਾ ਤੇ ਮਾਨਸਾ ਵਿਖੇ ਜੋਸ਼, ਇਕਜੁੱਟਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਜਾਰੀ ਰਿਹਾ। ਧਰਨੇ ਦੌਰਾਨ ਐਨਐਚਐਮ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਸਰਕਾਰ ਤੋਂ ਆਪਣੀਆਂ ਮੰਗਾਂ ਦਾ ਤੁਰੰਤ ਅਤੇ ਠੋਸ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਸਮੂਹ ਕਰਮਚਾਰੀਆਂ ਨੇ ਮੁਕੰਮਲ ਤੌਰ ‘ਤੇ ਪੈੱਨ ਡਾਊਨ ਅਤੇ ਕੰਪਿਊਟਰ ਬੰਦ ਕਰਕੇ ਕੰਮਕਾਜ ਬੰਦ ਰੱਖਿਆ। ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ 2 ਸਤੰਬਰ ਤੱਕ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਮੌਕੇ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਬਲਾਕ ਪ੍ਰਧਾਨ ਡਾ. ਵਿਸ਼ਵਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਾਣਬੁੱਝ ਕੇ ਅਣਦੇਖਿਆ ਕਰਨ ਨਾਲ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਸਾਫ਼ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਐਨਐਚਐਮ ਕਾਮੇ ਪਿਛਲੇ ਲੰਬੇ ਸਮੇਂ ਤੋਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੇ ਹੋਏ ਪੇਂਡੂ ਅਤੇ ਦੂਰ ਦਰਾਜ਼ ਖੇਤਰਾਂ ਵਿੱਚ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਨਾਲ ਨਾਲ ਵੱਖ ਵੱਖ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਕੋਵਿਡ - 19 ਮਹਾਂਮਾਰੀ ਵਰਗੇ ਔਖੇ ਸਮੇਂ ਵਿੱਚ ਵੀ ਇਨ੍ਹਾਂ ਕਾਮਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਪੂਰ੍ਹੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਐਨਐਚਐਮ ਮੁਲਾਜ਼ਮਾਂ ਨੂੰ ਆਪਣੇ ਬਣਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਯੂਨੀਅਨ ਖਜ਼ਾਨਚੀ ਜਗਸੀਰ ਕੌਰ, ਯੂਨੀਅਨ ਆਗੂ ਗੁਰਵੀਰ ਕੌਰ, ਅਮਨਦੀਪ ਕੌਰ ਅਤਲਾ, ਵੈਦ ਕਰਨਜੀਤ ਸਿੰਘ ਭੈਣੀ ਬਾਘਾ, ਮਨਦੀਪ ਕੌਰ, ਅਮਨਦੀਪ ਕੌਰ, ਜੋਤੀ ਰਾਣੀ, ਕੌਰ, ਜੈਕੀ ਕੁਮਾਰ, ਦੁਰਗਾ ਰਾਮ, ਰਮਨਪ੍ਰੀਤ ਕੌਰ, ਖੁਸ਼ਦੀਪ ਕੌਰ, ਰਮਨਦੀਪ ਕੌਰ, ਪ੍ਰਭਜੋਤ ਕੌਰ ਖੋਖਰ, ਨਿਸ਼ਾ ਅਗਰਵਾਲ, ਭੂਸ਼ਨ ਕੁਮਾਰ, ਕਿਰਨਦੀਪ ਕੌਰ ਅਤੇ ਮਨਪ੍ਰੀਤ ਕੌਰ ਤੋਂ ਇਲਾਵਾ ਐਨ.ਐਚ.ਐਮ. ਨਾਲ ਸਬੰਧਿਤ ਵੱਖ-ਵੱਖ ਵਰਗਾਂ ਦੇ ਕਰਮਚਾਰੀ ਅਤੇ ਯੂਨੀਅਨ ਆਗੂ ਹਾਜ਼ਰ ਸਨ।