ਨਵੇਂ ਬਣੇ ਸਮਾਰਟ ਰਾਸ਼ਨ ਕਾਰਡ ਵੰਡੇ ਸਰਦੂਲਗੜ੍ਹ ਨਗਰ ਪੰਚਾਇਤ ਦਫਤਰ
Publish Date: Thu, 02 Jul 2026 06:22 PM (IST)
Updated Date: Fri, 03 Jul 2026 04:11 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਸਰਦੂਲਗੜ੍ਹ ਨਗਰ ਪੰਚਾਇਤ ਦਫ਼ਤਰ ਵਿੱਚ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਤੇ ਸ਼ਹਿਰ ਦੇ ਕੌਂਸਲਰਾਂ ਨੇ ਰਾਸ਼ਨ ਦੀ ਵੰਡ ਲਈ ਨਵੇਂ ਬਣੇ ਸਮਾਰਟ ਰਾਸ਼ਨ ਕਾਰਡ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੇ। ਇਸ ਮੌਕੇ ਫੂਡ ਸਪਲਾਈ ਇੰਸਪੈਕਟਰ ਰਾਜ ਸਿੰਗਲਾ ਨੇ ਦੱਸਿਆ ਕਿ ਕੁਝ ਰਾਸ਼ਨ ਕਾਰਡ ਧਾਰਕਾਂ ਦੇ ਪੁਰਾਣੇ ਕਾਰਡ ਫ਼ਟ ਚੁੱਕੇ ਸਨ ਜਾਂ ਗੁਆਚ ਗਏ ਸਨ ,ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਦੀ ਅੱਜ ਵੰਡ ਕੀਤੀ ਜਾ ਰਹੀ ਹੈ। ਹੁਣ ਇੰਨ੍ਹਾਂ ਰਾਸ਼ਨ ਕਾਰਡਾਂ ਰਾਹੀਂ ਹੀ ਡਿੱਪੂ ਹੋਲਡਰਾਂ ਵੱਲੋਂ ਰਾਸ਼ਨ ਦੀ ਵੰਡ ਕੀਤੀ ਜਾਵੇਗੀ। ਪਿਛਲੇ ਦਿਨੀਂ ਲੋਕਾਂ ਨੂੰ ਰਾਸ਼ਨ ਲੈਣ ਲਈ ਆਈ ਸਮੱਸਿਆ ਦੇ ਸਬੰਧ ਵਿੱਚ ਜਦੋਂ ਇੰਸਪੈਕਟਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਸਰਵਰ ਡਾਊਨ ਹੋਣ ਕਾਰਨ ਡਿਪੂ ਹੋਲਡਰਾਂ ਨੂੰ ਦਿੱਤੀਆਂ ਹੋਈਆਂ ਮਸ਼ੀਨਾਂ ਚਲਦੀਆਂ ਨਹੀਂ। ਇਹ ਸਮੱਸਿਆ ਇਕੱਲੇ ਸਰਦੂਲਗੜ੍ਹ ਸ਼ਹਿਰ ਦੀ ਨਹੀਂ, ਬਲਕਿ ਪੂਰ੍ਹੇ ਪੰਜਾਬ ਦੀ ਹੀ ਹੁੰਦੀ ਹੈ। ਕਈ ਵਾਰ ਰਾਸ਼ਨ ਕਾਰਡ ਧਾਰਕਾਂ ਦੇ ਅੰਗੁਠੇ ਦਾ ਨਿਸ਼ਾਨ ਮਸ਼ੀਨ ਨਹੀਂ ਚੁੱਕਦੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪੈਂਦਾ ਹੈ ਤਾਂ ਇਸ ਸਬੰਧੀ ਇੰਸਪੈਕਟਰ ਨੇ ਦੱਸਿਆ ਕਿ ਜੇਕਰ ਮਸ਼ੀਨ ਅੰਗੂਠੇ ਦਾ ਨਿਸ਼ਾਨ ਨਹੀਂ ਚੁੱਕਦੀ ਤਾਂ ਅੱਖਾਂ ਵਾਲੀ ਮਸ਼ੀਨ ਰਾਹੀਂ ਉਪਭੋਗਤਾ ਦੀ ਪਛਾਣ ਕੀਤੀ ਜਾ ਸਕਦੀ ਹੈ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਦਫਤਰ ਫੂਡ ਸਪਲਾਈ ਵਿੱਚ ਆ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ। ਇਸ ਮੌਕੇ ਹਾਜ਼ਰ ਕੌਂਸਲਰ ਵਿਰਸਾ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਰਾਸ਼ਨ ਕਾਰਡ ਧਾਰਕਾਂ ਦੇ ਰਾਸ਼ਨ ਕਾਰਡ ਜਾਂ ਤਾਂ ਗੁੰਮ ਹੋ ਚੁੱਕੇ ਸਨ ਜਾਂ ਫਿਰ ਖਰਾਬ ਹੋ ਗਏ ਸਨ, ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਵਿਧਾ ਲਈ ਨਵੇਂ ਸਮਾਰਟ ਰਾਸ਼ਨ ਕਾਰਡ ਬਣਾ ਕੇ ਦਿੱਤੇ ਹਨ, ਜਿਸ ਨਾਲ ਹੁਣ ਰਾਸ਼ਨ ਲੈਣ ਵਾਲੇ ਪਰਿਵਾਰਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਉਹਨਾਂ ਕਿਹਾ ਕਿ ਬਹੁਤ ਜਲਦੀ ਰਾਸ਼ਨ ਕਿੱਟ ਜਿਸ ਵਿੱਚ ਤੇਲ, ਖੰਡ, ਦਾਲ, ਮਸਾਲੇ ਆਦੀ ਰਸੋਈ ਦੀਆਂ ਜਰੂਰੀ ਵਸਤਾਂ ਸ਼ਾਮਲ ਹਨ ਵੀ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਹਜ਼ਾਰ ਅਤੇ ਪੰਦਰਾਂ ਸੌ ਰੁਪਏ ਔਰਤਾਂ ਦੇ ਖਾਤੇ ਵਿੱਚ ਪਾ ਕੇ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਚੁੱਕੀ ਹੈ। ਅਤੇ ਸੂਬੇ ਦੇ ਵਿਕਾਸ ਕਾਰਜਾਂ ਲਈ ਪੂਰੀ ਤਰ੍ਹਾਂ ਤਤਪਰ ਹੈ। ਇਸ ਮੌਕੇ ਕੌਂਸਲਰ ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਜੈਂਕ, ਬਲਾਕ ਪ੍ਰਧਾਨ ਆਤਮ ਪ੍ਰਕਾਸ਼ ਲੱਛੀ, ਸੁਭਾਸ਼ ਕੁਮਾਰ ਫੌਜੀ, ਕੌਂਸਲਰ ਭਜਨ ਸਿੰਘ ਆਦੀ ਹਾਜ਼ਰ ਸਨ।