ਅਕਾਲ ਅਕੈਡਮੀ ਦੀ ਨਵਪ੍ਰੀਤ ਕੌਰ ਨੇ ਜੇਈਈ ਮੇਨ ’ਚ ਮਾਰੀ ਬਾਜ਼ੀ
ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ
Publish Date: Sat, 21 Feb 2026 06:47 PM (IST)
Updated Date: Sun, 22 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਕੌੜੀਵਾੜਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਜੋਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਮੇਨ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 91 ਪਰਸੈਂਟਾਇਲ ਪ੍ਰਾਪਤ ਕੀਤੇ। ਅਕਾਲ ਅਕੈਡਮੀ ਕੌੜੀਵਾੜਾ ਲਈ ਇਹ ਬਹੁਤ ਮਾਣ ਤੇ ਖੁਸ਼ੀ ਦਾ ਪਲ ਹੈ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਨਵਪ੍ਰੀਤ ਕੌਰ ਨੇ ਦੇਸ਼ ਦੀਆਂ ਸਭ ਤੋਂ ਔਖੀਆਂ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਵਿੱਚੋਂ ਇੱਕ, ਜੇਈਈ ਮੇਨ 2026 ਵਿੱਚ 91 ਪਰਸੈਂਟਾਇਲ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਨਵਪ੍ਰੀਤ ਕੌਰ ਦੀ ਮਿਹਨਤ, ਲਗਨ ਅਤੇ ਅਟੁੱਟ ਹਿੰਮਤ ਦਾ ਨਤੀਜਾ ਹੈ। ਨਵਪ੍ਰੀਤ ਕੌਰ ਦੀ ਸਫਲਤਾ ਦੀ ਖਾਸ ਗੱਲ ਇਹ ਹੈ ਕਿ ਉਸਨੇ ਆਪਣੀ ਤਿਆਰੀ ਸਕੂਲ ਦੇ ਅਧਿਆਪਕਾਂ ਦੀ ਅਗਵਾਈ ਹੇਠ ਕੀਤੀ ਤੇ ਕਿਸੇ ਬਾਹਰੀ ਟਿਊਸ਼ਨ ਜਾਂ ਕੋਚਿੰਗ ਸੈਂਟਰ ਦੀ ਮਦਦ ਨਹੀਂ ਲਈ। ਇਹ ਸਫਲਤਾ ਸਕੂਲ ਦੇ ਮਜ਼ਬੂਤ ਅਕਾਦਮਿਕ ਮਾਹੌਲ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਉੱਚ-ਗੁਣਵੱਤਾ ਵਾਲੀ ਸਿੱਖਿਆ ਨੂੰ ਦਰਸਾਉਂਦੀ ਹੈ। ਅਕੈਡਮੀ ਦੀ ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਨੇ ਨਵਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥਣ ਦੀ ਕਠਿਨ ਮਿਹਨਤ ਅਤੇ ਅਧਿਆਪਕਾਂ ਦੀ ਸਮਰਪਿਤ ਸੇਵਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਸਦਾ ਹੀ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਨੈਤਿਕ ਮੁੱਲਾਂ ਨਾਲ ਜੋੜ ਕੇ ਉਨ੍ਹਾਂ ਦੇ ਸਰਵਾਂਗੀਣ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਬੱਚੀ ਦੀ ਇਸ ਉਪਲਬਧੀ ਲਈ ਇਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਕਿਹਾ ਕਿ ਨਵਪ੍ਰੀਤ ਕੌਰ ਦੀ ਇਸ ਉਪਲਬਧੀ ਨੇ ਅਕਾਲ ਅਕੈਡਮੀ ਕੌੜੀਵਾੜਾ ਅਤੇ ਪੂਰ੍ਹੇ ਸਰਦੂਲਗੜ੍ਹ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।