ਮਿਊਂਸੀਪਲ ਮੁਲਾਜ਼ਮਾਂ ਨੇ ਨਗਰ ਕੌਂਸਲ ਅੱਗੇ ਦਿੱਤਾ ਧਰਨਾ ਪੰਜਾਬ ਮੁਲਾਜ਼ਮ ਫਰੰਟ ਦੇ ਸੱਦੇ ਤੇ ਸਾਂਝੀਆਂ
Publish Date: Wed, 09 Sep 2026 07:35 PM (IST)
Updated Date: Thu, 10 Sep 2026 04:05 AM (IST)
ਫ਼ੋਟੋ : 4 ਐਮਏਐਨ ਕੈਪਸ਼ਨ : ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬ ਮੁਲਾਜ਼ਮ ਫ਼ਰੰਟ ਦੇ ਸੱਦੇ ’ਤੇ ਸਾਂਝੀਆਂ ਮੰਗਾਂ ਅਤੇ ਡੀਏ ਪ੍ਰਤੀ ਸਰਕਾਰ ਦੇ ਰਵੱਈਏ ਖ਼ਿਲਾਫ਼ ਨਗਰ ਕੌਂਸਲ ਮਾਨਸਾ ਦੇ ਮੁਲਾਜ਼ਮਾਂ ਨੇ ਵੀ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਕੀਤਾ ਤੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਰੈਲੀ ਕੀਤੀ। ਰੈਲੀ ਨੂੰ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਸਰਪ੍ਰਸਤ ਜਨਕ ਰਾਜ ਮਾਨਸਾ ਨੇ ਮਾਨ ਸਰਕਾਰ ਦੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ। ਪੰਜਾਬ ਦੇ ਮੁਲਾਜ਼ਮਾਂ ਨਾਲ ਖੜ੍ਹਨ ਦਾ ਵਾਅਦਾ ਕੀਤਾ। ਸੂਬਾ ਸਰਪ੍ਰਸਤ ਨੇ ਸਥਾਨਕ ਅਧਿਕਾਰੀਆਂ ਵੱਲੋਂ ਸਮੇਂ ਸਿਰ ਤਨਖ਼ਾਹ ਨਾ ਦੇਣੀ, ਕਈ ਕਈ ਮਹੀਨੇ ਪੀਐਫ਼ ਜਮ੍ਹਾਂ ਨਾ ਕਰਵਾਉਣਾ, ਸੇਵਾਮੁਕਤ ਮੁਲਾਜ਼ਮਾਂ ਨੂੰ ਸਮੇਂ ਸਿਰ ਐਲਟੀਸੀ ਨਾ ਦੇਣੀ ਆਦਿ ਪ੍ਰਤੀ ਵੀ ਰੋਸ ਪ੍ਰਗਟ ਕਰਦਿਆਂ ਸਪਸ਼ਟ ਕੀਤਾ ਕਿ ਜਲਦੀ ਹੀ ਇੰਨ੍ਹਾਂ ਪ੍ਰਤੀ ਸਥਾਨਕ ਸਰਕਾਰ ਮੰਤਰੀ ਨੂੰ ਮਿਲਿਆ ਜਾਵੇਗਾ। ਯੂਨੀਅਨ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬੋਹੜ ਸਿੰਘ ਨੇ ਸਰਕਾਰ ਦੇ ਮੁਲਾਜ਼ਮ ਵਰਗ ਪ੍ਰਤੀ ਰਵੱਈਏ ਦਾ ਸਖ਼ਤ ਵਿਰੋਧ ਕੀਤਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾ ਦੌਰਾਨ ਡੱਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ। ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਸਿੰਕਦਰ ਸਿੰਘ ਨੇ ਮੰਗਾਂ ਪ੍ਰਤੀ ਸਰਕਾਰ ਦੀ ਫੁੱਟ ਪਾਊ ਨੀਤੀ ਤੋਂ ਬਚਕੇ ਰਹਿਣ ਲਈ ਸੁਚੇਤ ਕੀਤਾ ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਦੇ ਰਹਿਣ ਦੀ ਅਪੀਲ ਕੀਤੀ। ਨਿਊ ਸਫਾਈ ਸੇਵਕ ਯੂਨੀਅਨ ਮਾਨਸਾ ਦੇ ਆਗੂ ਮੁਕੇਸ਼ ਕੁਮਾਰ ਨੇ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਪ੍ਰਤੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਅਤੇ ਜਲਦੀ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦੀ ਮੰਗ ਕੀਤੀ। ਯੂਨੀਅਨ ਦੀ ਸਥਾਨਕ ਇਕਾਈ ਦੇ ਮੀਤ ਪ੍ਰਧਾਨ ਪਵਨ ਕੁਮਾਰ ਅਤੇ ਸਕੱਤਰ ਅਮਨਦੀਪ ਸਿੰਘ ਨੇ ਸਮੂਹ ਮਿਊਂਸਪਲ ਮੁਲਾਜ਼ਮਾਂ ਨੂੰ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ। ਰੈਲੀ ਵਿੱਚ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਸਰਦੂਲਗੜ੍ਹ, ਦਰਸ਼ਨ ਸਿੰਘ ਜਲਵੇੜਾ, ਜਗਜੀਤ ਸਿੰਘ, ਆਤਮਾ ਸਿੰਘ ਅਤੇ ਸਮੂਹ ਮਿਉਂਸਪਲ ਮੁਲਾਜ਼ਮਾਂ ਨੇ ਹਾਜ਼ਰੀ ਲਵਾਈ।