ਵਿਧਾਇਕ ਬੁੱਧਰਾਮ ਵੱਲੋਂ ਲਾਲ ਲਕੀਰ ਅੰਦਰਲੇ 642 ਲਾਭਪਾਤਰੀਆਂ ਨੂੰ ਰਜਿਸਟਰੀ ਪੱਤਰ ਵੰਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ
Publish Date: Sat, 14 Nov 2026 04:12 PM (IST)
Updated Date: Sat, 14 Nov 2026 04:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੁਢਲਾਡਾ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਹਲਕਾ ਬੁਢਲਾਡਾ ਦੇ ਪਿੰਡ ਮੱਲ ਸਿੰਘ ਵਾਲਾ, ਦਰੀਆਪੁਰ ਕਲਾਂ ਤੇ ਮੰਢਾਲੀ ਵਿਖੇ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਲਾਭਪਾਤਰੀਆਂ ਨੂੰ ਰਜਿਸਟਰੀਆਂ ਦੇ ਪੱਤਰ ਸੌਂਪੇ ਗਏ। ਇਸ ਮੌਕੇ ਵਿਧਾਇਕ ਬੁਢਲਾਡਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਬਹੁਤ ਸਾਰੇ ਕਾਰਜ ਕੀਤੇ ਹਨ, ਜਿਸ ਕਰਕੇ ਲੋਕ ਪੰਜਾਬ ਸਰਕਾਰ ਦੇ ਇਹਨਾਂ ਕਾਰਜਾਂ ਤੋਂ ਬਹੁਤ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਵੱਡੇ ਫ਼ੈਸਲੇ ਕਰਕੇ ਉਨ੍ਹਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿਲਾਂ ਦੇ ਮਾਰਚ 2026 ਤੱਕ ਲੱਗੇ ਜੁਰਮਾਨਿਆਂ ਦੀ ਰਕਮ ਨੂੰ ਵੀ ਸੂਬਾ ਸਰਕਾਰ ਵੱਲੋਂ ਮੁਆਫ਼ ਕਰਨ ਦਾ ਵੱਡਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੀ ਮਿਆਦ 45 ਦਿਨ ਰੱਖੀ ਗਈ ਹੈ। ਵਿਧਾਇਕ ਬੁਢਲਾਡਾ ਨੇ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਨਾਲ ਹਰ ਬਾਲਗ ਔਰਤ ਨੂੰ ਆਪਣਾ ਖਰਚਾ ਆਪ ਚਲਾਉਣ ਦੀ ਪੱਕੀ ਸਹੂਲਤ ਮਿਲ ਗਈ ਹੈ। ਵਿਧਾਇਕ ਬੁਢਲਾਡਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਲਾਲ ਲਕੀਰ ਦੇ ਅੰਦਰ ਆਉਣ ਵਾਲ਼ੇ ਘਰਾਂ ਤੇ ਪਲਾਟਾਂ ਦੀਆਂ ਰਜਿਸਟਰੀਆਂ ਦੇ ਪੱਤਰ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮੱਲ ਸਿੰਘ ਵਾਲਾ ਵਿਖੇ 200 ਲਾਭਪਾਤਰੀਆਂ ਨੂੰ, ਮੰਢਾਲੀ ਵਿਖੇ 292 ਅਤੇ ਦਰੀਆਪੁਰ ਕਲਾਂ ਵਿਖੇ 150 ਲਾਭਪਾਤਰੀਆਂ ਨੂੰ ਰਜਿਸਟਰੀ ਦੇ ਪੱਤਰ ਵੰਡੇ ਗਏ ਹਨ। ਸਮਾਗਮ ਦੌਰਾਨ ਹਾਜ਼ਰ ਲਾਭਪਾਤਰੀਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜਸਪਾਲ ਸਿੰਘ ਅਤੇ ਪ੍ਰਧਾਨ ਸੁਖਦਰਸ਼ਨ ਸਿੰਘ ਦਰੀਆਪੁਰ ਕਲਾਂ, ਸਰਪੰਚ ਜਰਨੈਲ ਸਿੰਘ, ਹਰਬੰਸ ਸਿੰਘ ਭੰਗੂ ਅਤੇ ਕੈਪਟਨ ਬਾਬੂ ਸਿੰਘ ਮੰਢਾਲੀ, ਸਰਪੰਚ ਜਸਪਾਲ ਸਿੰਘ ਤੇ ਸਾਬਕਾ ਸਰਪੰਚ ਸਵਰਨ ਸਿੰਘ ਵੀ ਮੌਜੂਦ ਸਨ।