ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਮਿਡ-ਡੇ-ਮੀਲ ਵਰਕਰਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੱਤਾ
Publish Date: Sun, 04 Oct 2026 05:19 PM (IST)
Updated Date: Sun, 04 Oct 2026 05:20 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੱਤਾ ਦੁਗਣਾ ਕਰਨ ਦੀ ਗਰੰਟੀ ਪੂਰੇ ਨਾ ਕੀਤੇ ਜਾਣ ਤੇ ਹੋਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਿਚ ਮਿਡ ਡੇ ਮੀਲ ਵਰਕਰਜ ਯੂਨੀਅਨ ਮਾਨਸਾ ਵੱਲੋਂ ਸਥਾਨਕ ਜ਼ਿਲ੍ਹਾ ਕੰਪਲੈਕਸ ਦੇ ਗੇਟ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜੋਤੀ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਦਿੱਤੇ ਜਾ ਰਹੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਸੱਤਾ ਵਿਚ ਆਉਣ ਬਾਅਦ ਭਗਵੰਤ ਮਾਨ ਸਰਕਾਰ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਨਾਲ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁੱਕਰ ਗਈ ਹੈ ਤੇ ਸਾਢੇ ਚਾਰ ਸਾਲ ਬੀਤਣ ਬਾਅਦ ਵੀ ਮਾਣਭੱਤਾ ਵਰਕਰਾਂ ਦੇ ਨਿਗੂਣੇ ਮਾਣ ਭੱਤੇ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਵੀਰਪਾਲ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਮਾਣਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਅਨੁਸਾਰ ਤਨਖ਼ਾਹਾਂ ਨਾ ਦੇਣ, ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਸੇਵਾ ਮੁਕਤੀ ਮੌਕੇ ਘਰਾਂ ਨੂੰ ਖਾਲੀ ਤੋਰਨ ਤੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਨਾ ਦੇਣ ਕਾਰਨ ਪੰਜਾਬ ਭਰ ਦੀਆਂ ਮਾਣਭੱਤਾ ਵਰਕਰਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ, ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਕੋਨੇ ਕੋਨੇ ਵਿਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾ ਰਹੀਆਂ ਹਨ। ਡੀਟੀਐਫ਼ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਮੰਗ ਕੀਤੀ ਕਿ ਮਾਣਭੱਤਾ ਵਰਕਰਾਂ ਦੇ ਭੱਤਿਆਂ ਨੂੰ ਤੁਰੰਤ ਦੁੱਗਣਾ ਕਰਕੇ ਪਿਛਲੇ ਸਾਢੇ ਚਾਰ ਸਾਲਾਂ ਦੇ ਬਕਾਏ ਦਿੱਤੇ ਜਾਣ, ਸਮੂਹ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਵਿਚ ਲਿਆਂਦਾ ਜਾਵੇ। ਡੀਟੀਐਫ਼ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਵੀਨ ਗੋਇਲ ਬੋਹਾ ਨੇ ਕਿਹਾ ਕਿ ਸੇਵਾ ਮੁਕਤੀ ਤੇ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ 5 ਲੱਖ ਦੀ ਗ੍ਰੈਚੁਟੀ ਸਮੇਤ ਪ੍ਰਤੀ ਮਹੀਨਾ 9 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ, ਸਕੀਮ ਵਰਕਰਾਂ ਦਾ ਈਐੱਸਆਈ ਅਤੇ ਈਪੀਐੱਫ ਕੱਟਿਆ ਜਾਵੇ, ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ। ਇਸ ਮੌਕੇ ਮਨਿਸਟਰੀਅਲ ਯੂਨੀਅਨ ਮਾਨਸਾ ਦੇ ਆਗੂ ਜਸਵੰਤ ਮੌਜੋ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਬਿੱਕਰਜੀਤ ਮਘਾਣੀਆਂ ਨੇ ਸੰਬੋਧਨ ਕਰਦਿਆਂ ਇੰਨ੍ਹਾਂ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਮਾਸਟਰ ਕੁਲਦੀਪ ਅੱਕਾਂਵਾਲੀ, ਦਮਨ ਸਿੰਘ, ਸੁਖਚੈਨ ਸੇਖੋਂ, ਕੁਲਵੰਤ ਚਹਿਲ, ਸੰਦੀਪ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ, ਵੀਰਪਾਲ ਕੌਰ ਆਦਿ ਵੀ ਹਾਜ਼ਰ ਸਨ।