ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੂੰ ਦਿੱਤਾ ਮੰਗ ਪੱਤਰ ਪਿਛਲੇ ਦਿਨੀਂ ਬੁਢਲਾਡਾ - ਚੱਕ ਭਾਈਕਾ ਸੜਕ
Publish Date: Thu, 19 Nov 2026 06:10 PM (IST)
Updated Date: Thu, 19 Nov 2026 06:12 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਪਿਛਲੇ ਦਿਨ੍ਹੀਂ ਬੁਢਲਾਡਾ - ਚੱਕ ਭਾਈਕਾ ਸੜਕ ‘ਤੇ ਬੁਢਲਾਡਾ ਮੰਡੀ ਦੇ ਕੂੜੇ ਕਰਕਟ ਲਈ ਬਣਾਏ ਆਰਜੀ ਡੰਪ ਨੂੰ ਬੰਦ ਕਰਵਾਉਣ ਲਈ ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਪਿੰਡ ਚੱਕ ਭਾਈਕੇ ਦੇ ਸਰਪੰਚ ਜਗਸੀਰ ਸਿੰਘ, ਬੀਰੋਕੇ ਖੁਰਦ ਦੇ ਸਰਪੰਚ ਮੱਖਣ ਸਿੰਘ, ਬੀਰੋਕੇ ਕਲਾਂ ਦੇ ਸਰਪੰਚ ਗੁਰਮੀਤ ਸਿੰਘ, ਗੁੜੱਦੀ ਦੇ ਸਰਪੰਚ ਰਮਨ ਸਿੰਘ, ਖੀਵਾ ਮੀਹਾਂ ਸਿੰਘ ਵਾਲਾ ਦੇ ਸਰਪੰਚ ਅਮਨਦੀਪ ਸਿੰਘ, ਹੀਰੋਂ ਖੁਰਦ ਦੇ ਸਰਪੰਚ ਜਸਪਾਲ ਸਿੰਘ ਅਤੇ ਧਲੇਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੂੰ ਮੰਗ ਪੱਤਰ ਦਿੱਤਾ ਗਿਆ। ਗ੍ਰਾਮ ਪੰਚਾਇਤਾਂ ਵੱਲੋਂ ਮੰਗ ਕੀਤੀ ਗਈ ਕਿ ਬੁਢਲਾਡਾ-ਚੱਕ ਭਾਈਕਾ ਸੜਕ ਉੱਪਰ ਜੋ ਆਰਜੀ ਤੌਰ ’ਤੇ ਕੂੜੇ ਕਰਕਟ ਦਾ ਡੰਪ ਬਣਾਇਆ ਹੋਇਆ ਹੈ, ਇਸ ਨੂੰ ਜਲਦੀ ਤੋਂ ਜਲਦੀ ਇੱਥੋਂ ਬੰਦ ਕਰਕੇ ਇਸ ਦਾ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਸ ਸੜਕ ਨਾਲ ਸਬੰਧਤ ਪਿੰਡ ਚੱਕ ਭਾਈਕਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਿੱਥੇ ਰੋਜ਼ਾਨਾ ਹੀ ਸੰਗਤਾਂ ਦਾ ਆਉਣ- ਜਾਣ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਸੜਕ ਨਾਲ ਅੱਗੇ 10 - 12 ਪਿੰਡਾਂ ਦੀ ਆਵਾਜਾਈ ਜੁੜੀ ਹੋਈ ਹੈ ਅਤੇ ਇਸੇ ਸੜਕ ਨਾਲ ਸਬੰਧਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਜੱਦੀ ਪਿੰਡ ਸਤੌਜ ਵੀ ਸ਼ਾਮਲ ਹੈ ਅਤੇ ਡੰਪ ਦੇ ਬਿਲਕੁਲ ਨਜ਼ਦੀਕ ਕਈ ਪਰਿਵਾਰਿਕ ਰਿਹਾਇਸ਼ੀ ਮਕਾਨ ਵੀ ਹਨ। ਇਸ ਡੰਪ ਦੀ ਗੰਦਗੀ ਤੋਂ ਦੂਰ ਦੂਰ ਤੱਕ ਬਦਬੂ ਫ਼ੈਲਣ ਕਰਕੇ ਭਿਆਨਕ ਬਿਮਾਰੀਆਂ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਡੰਪ ਅਵਾਰਾ ਕੁੱਤਿਆਂ ਦਾ ਅੱਡਾ ਵੀ ਬਣ ਚੁੱਕਿਆ ਹੈ, ਜੋਕਿ ਕਿਸੇ ਵੀ ਸਮੇਂ ਕਿਸੇ ਰਾਹਗੀਰ ਦਾ ਜਿਸਮਾਨੀ ਨੁਕਸਾਨ ਕਰ ਸਕਦੇ ਹਨ। ਇਸ ਲਈ ਅਸੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਇਸ ਅਣਅਧਿਕਾਰਤ ਆਰਜੀ ਡੰਪ ਨੂੰ ਤੁਰੰਤ ਪ੍ਰਭਾਵ ਨਾਲ ਜਲਦੀ ਤੋਂ ਜਲਦੀ ਬੰਦ ਕਰਕੇ ਕਿਸੇ ਅਧਿਕਾਰਤ ਪੱਕੀ ਜਗਾ ਤੇ ਬਦਲਕੇ ਸਾਨੂੰ ਇਸ ਬਦਬੂ ਭਰੇ ਮਾਹੌਲ ਤੋਂ ਰਾਹਤ ਦਿਵਾਈ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਨੁਸਾਸ਼ਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ ਮੇਲ, ਸੁਖਚੈਨ ਸਿੰਘ ਪੰਚ, ਸੁਖਜੀਤ ਸਿੰਘ, ਨਿਰਮਲਜੀਤ ਸਿੰਘ, ਜਸਵਿੰਦਰ ਸਿੰਘ ਵਿੱਕੀ ਚੱਕ ਭਾਈਕੇ ਵੀ ਮੌਜੂਦ ਰਹੇ।