ਮਿਉਂਸਪਲ ਵਰਕਰਜ਼ ਯੂਨੀਅਨ ਨੇ ਮੀਟਿੰਗ ਕਰ ਮੁਲਾਜ਼ਮਾਂ ਦੇ ਮਸਲੇ ਵਿਚਾਰੇ ਬੀਤੇ ਦਿਨੀਂ ਜ਼ਿਲ੍ਹਾ ਮਾਨਸਾ ਦੇ ਮਿਉਂਸਪਲ
Publish Date: Sun, 13 Sep 2026 04:33 PM (IST)
Updated Date: Sun, 13 Sep 2026 04:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਮਾਨਸਾ ਦੇ ਮਿਉਂਸਪਲ ਮੁਲਾਜ਼ਮਾਂ ਦੀ ਇੱਕ ਜ਼ਰੂਰੀ ਮੀਟਿੰਗ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬੋਹੜ ਸਿੰਘ ਸਰਦੂਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਯੂਨੀਅਨ ਦੇ ਸੂਬਾ ਸਰਪ੍ਰਸਤ ਜਨਕ ਰਾਜ ਮਾਨਸਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਨਗਰ ਪੰਚਾਇਤ ਭੀਖੀ ਦੇ ਮੁਲਾਜ਼ਮਾਂ ਨੂੰ 7 - 8 ਮਹੀਨਿਆਂ ਤੋਂ ਤਨਖ਼ਾਹ ਨਾ ਦੇਣੀ, ਨਗਰ ਪੰਚਾਇਤ ਭੀਖੀ, ਸਰਦੂਲਗੜ੍ਹ ਅਤੇ ਨਗਰ ਕੌਂਸਲ ਮਾਨਸਾ ਦੇ ਮੁਲਾਜ਼ਮਾਂ ਦਾ ਕਾਰਜ ਸਾਧਕ ਅਫ਼ਸਰ ਅਤੇ ਲੇਖਾਕਾਰ ਵੱਲੋਂ ਲੰਬੇ ਸਮੇਂ ਦਾ ਪੀਐਫ਼ ਜ਼ਮ੍ਹਾਂ ਨਾ ਕਰਵਾਉਣ ਦੀ ਸਖ਼ਤ ਨਿਖੇਧੀ ਕੀਤੀ। ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਨੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਭੀਖੀ ਦੇ ਮੁਲਾਜ਼ਮਾਂ ਨੂੰ ਪੈਂਡਿੰਗ ਪਈਆਂ ਤਨਖ਼ਾਹਾਂ ਦੇ ਕੇ ਰੈਗੂਲਰ ਕੀਤੀਆਂ ਜਾਣ, ਇੱਕ ਮਹੀਨੇ ਤੱਕ ਮਾਨਸਾ, ਭੀਖੀ ਅਤੇ ਸਰਦੂਲਗੜ੍ਹ ਦੇ ਮੁਲਾਜ਼ਮਾਂ ਦਾ ਪੀਐਫ਼ ਜਮ੍ਹਾਂ ਕਰਵਾਇਆ ਜਾਵੇ। ਨਗਰ ਕੌਂਸਲ ਭੀਖੀ ਦੇ ਕੱਚੇ ਮੁਲਾਜ਼ਮ ਸੋਨੂੰ ਜ਼ਿੰਦਲ ਦਾ ਨਗਰ ਕੌਂਸਲ ਮਾਨਸਾ ਵਿਖੇ ਕੀਤੀ ਡਿਊਟੀ ਦਾ ਸਮਾਂ ਭੀਖੀ ਦੇ ਡਿਊਟੀ ਦੇ ਸਮੇਂ ਵਿੱਚ ਮਰਜ਼ ਕੀਤਾ ਜਾਵੇ ਅਤੇ ਉਸਦਾ ਮਾਨਸਾ ਵਿੱਚ ਕੱਟਿਆ ਪੀਐਫ਼ ਜਮ੍ਹਾਂ ਕਰਵਾਇਆ ਜਾਵੇ। ਨਗਰ ਕੌਂਸਲ ਮਾਨਸਾ ਦੇ ਰਿਟਾਇਰਡ ਮੁਲਾਜ਼ਮਾਂ ਨੂੰ ਬਣਦੀ ਐਲਟੀਸੀ, ਬਕਾਏ ਦੀ ਕਿਸ਼ਤ ਅਦਾ ਕੀਤੀ ਜਾਵੇ, ਫ਼ਾਇਰ ਬ੍ਰਿਗੇਡ ਭੀਖੀ ਦਾ ਸਟੇਸ਼ਨ ਭੀਖੀ ਵਿਖੇ ਹੀ ਬਣਾਇਆ ਜਾਵੇ ਅਤੇ ਲੇਖਾਕਾਰ ਵੱਲੋਂ ਕੰਮਾਂ ਵਿੱਚ ਅੜਿੱਕਾ ਲਗਾਉਣਾ ਬੰਦ ਕੀਤਾ ਜਾਵੇ, ਨਹੀਂ ਜ਼ਿਲ੍ਹਾ ਯੂਨੀਅਨ ਵੱਲੋਂ ਇੱਕ ਮਹੀਨੇ ਬਾਅਦ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਸੂਬਾ ਸਰਪ੍ਰਸਤ ਜਨਕ ਰਾਜ ਮਾਨਸਾ ਨੇ ਮਿਉਂਸਪਲ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ। ਮੰਗ ਕੀਤੀ ਗਈ ਕਿ ਐਲਟੀਸੀ ਅਤੇ ਮੈਡੀਕਲ ਭੱਤਾ ਪੈਨਸ਼ਨ ਨਾਲ ਹੀ ਜੋੜ ਕੇ ਹੀ ਭੇਜਿਆ ਜਾਇਆ ਕਰੇ, ਨਗਰ ਕੌਂਸਲ ਨੂੰ ਅਪ੍ਰੈਲ 2026 ਤੋਂ ਹੁਣ ਤੱਕ ਭੇਜੇ ਗਏ ਵੈਟ ਅਤੇ ਐਕਸਾਈਜ਼ ਦੀ ਰਕਮ ਦੀ ਜਾਂਚ ਕੀਤੀ ਜਾਵੇ ਕਿ ਇਸ ਵਿੱਚੋਂ ਮੁਲਾਜ਼ਮਾਂ ਲਈ ਕਿੰਨੀ ਰਕਮ ਖਰਚ ਕੀਤੀ ਗਈ ਹੈ। ਸਮੇਂ ਸਿਰ ਤਨਖ਼ਾਹਾਂ ਨਾ ਦੇਣ ਵਾਲੇ ਅਤੇ ਤਨਖ਼ਾਹਾਂ ਵਿੱਚੋਂ ਪੀਐਫ਼ ਦੀ ਕਟੌਤੀ ਕਰਨ ਉਪਰੰਤ ਜ਼ਮ੍ਹਾਂ ਨਾ ਕਰਵਾਉਣ ਵਾਲੇ ਈਓ ਅਤੇ ਲੇਖਾਕਾਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਮੰਗਾਂ ਲਈ ਜਲਦ ਹੀ ਸਥਾਨਕ ਸਰਕਾਰ ਮੰਤਰੀ ਨੂੰ ਮਿਲਣ ਦਾ ਫੈਸਲਾ ਕੀਤਾ। ਇਸ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਪਵਨ ਕੁਮਾਰ ਮਾਨਸਾ, ਰਾਮ ਸਿੰਘ ਭੀਖੀ, ਸੁਖਪਾਲ ਸਿੰਘ ਮਾਨਸਾ, ਅਨਿਲ ਕੁਮਾਰ ਜੋਗਾ ਨੇ ਆਪਣੇ ਵਿਚਾਰ ਦਿੱਤੇ। ਅਗਲੀ ਜ਼ਿਲ੍ਹਾ ਪੱਧਰੀ ਮੀਟਿੰਗ ਜਲਦੀ ਹੀ ਸਰਦੂਲਗੜ੍ਹ ਜਾਂ ਭੀਖੀ ਵਿਖੇ ਰੱਖਣ ਦਾ ਜ਼ਿਲ੍ਹਾ ਪ੍ਰਧਾਨ ਵੱਲੋਂ ਫੈਸਲਾ ਕੀਤਾ ਗਿਆ।