ਸੂਬੇ ‘ਚੋਂ ਨਸ਼ੇ ਦੀਆਂ ਜੜ੍ਹਾਂ ਪੁੱਟਣ ਲਈ ਸਮਾਜ ਦੇ ਸਾਰਥਿਕ ਸਹਿਯੋਗ ਦੀ ਲੋੜ : ਡੀਆਈਜੀ ਹਰਜੀਤ ਸਿੰਘ ਐਸ.ਐਸ.ਪੀ. ਮਾਨਸਾ ਵੈਭਵ ਚੌਧਰੀ ਦੀ
Publish Date: Sun, 11 Oct 2026 05:02 PM (IST)
Updated Date: Sun, 11 Oct 2026 05:05 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਐਸਐਸਪੀ ਮਾਨਸਾ ਵੈਭਵ ਚੌਧਰੀ ਦੀ ਅਗਵਾਈ ਹੇਠ ਅੱਜ ਭੀਖੀ ਦੇ ਵਾਰਡ- 2 ਤੇ 4 ਵਿਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਮੁਹਿੰਮ ਅਤੇ ਨਸ਼ੇ ਦੀ ਸਪਲਾਈ ਨੂੰ ਤੋੜਨ ਲਈ ਕੀਤੀ ਵੱਡੀ ਕਾਰਵਾਈ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਕਿਹਾ ਕਿ ਸੂਬੇ ‘ਚੋਂ ਨਸ਼ੇ ਦੀਆਂ ਜੜ੍ਹਾਂ ਨੂੰ ਪੁੱਟਣ ਲਈ ਸਮਾਜ ਪੁਲਿਸ ਦਾ ਸਾਰਥਕ ਸਹਿਯੋਗ ਕਰੇ। ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਲੋਕਾਂ ਵਲੋਂ ਦਿੱਤੀ ਸੂਚਨਾ ਨੂੰ ਪੂਰਨ ਰੂਪ ਵਿਚ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਚ 2025 ਤੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਵਿਭਾਗ ਨੇ ਸੇਫ਼ ਪੰਜਾਬ ਹੈਲਪਲਾਇਨ ਤਹਿਤ ਹੀ ਜ਼ਿਲ੍ਹੇ ਅੰਦਰ 550 ਮੁਕੱਦਮੇ ਦਰਜ ਕੀਤੇ ਹਨ। ਇਸ ਤੋਂ ਇਲਾਵਾ ਵਿਲੇਜ਼ ਡਿਫੈਂਸ ਕਮੇਟੀਆਂ ਵੱਲੋਂ ਦਿੱਤੀਆਂ ਸੂਚਨਾਵਾਂ ‘ਤੇ ਜ਼ਿਲ੍ਹੇ ਅੰਦਰ 160 ਮੁਕੱਦਮੇ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਜ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ 11 ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜੋ ਵਿਅਕਤੀ ਜਾਂ ਨੌਜਵਾਨ ਨਸ਼ਾਗ੍ਰਸਤ ਹੋ ਗਿਆ ਹੈ ਉਸਦੇ ਮਾਪੇ ਬਿਨਾਂ ਕਿਸੇ ਝਿਜਕ ਦੇ ਪੁਲਿਸ ਦੇ ਧਿਆਨ ਵਿਚ ਲਿਆਉਣ ਅਤੇ ਅਜਿਹੇ ਵਿਅਕਤੀਆਂ ਦਾ ਪੁਲਿਸ ਪ੍ਰਸ਼ਾਸਨ ਆਪਣੀ ਦੇਖ ਰੇਖ ਹੇਠ ਇਲਾਜ ਕਰਵਾਏਗਾ। ਉਨਾਂ ਕਿਹਾ ਕਿ ਇਸ ਅਲਾਮਤ ਨਾਲ ਨਜਿੱਠਣ ਲਈ ਸਮੂਹਿਕ ਪੱਧਰ ‘ਤੇ ਯਤਨ ਕਰਨੇ ਪੈਣਗੇ ਤਾਂ ਜੋ ਨਸ਼ੇ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਿਰੰਤਰ ਚਲਾਈਆਂ ਜਾ ਰਹੀਆਂ ਅਜਿਹੀਆਂ ਕਾਰਵਾਈਆ ਸਦਕਾ ਲੋਕਾਂ ਦਾ ਵਿਸ਼ਵਾਸ ਪੁਲਿਸ ਵਿਭਾਗ ਵਿੱਚ ਵਧਿਆ ਹੀ ਨਹੀਂ ਬਲਕਿ ਹੁਣ ਲੋਕ ਖੁਦ ਵੀ ਜਾਗਰੂਕ ਹੋਏ ਹਨ। ਇਸ ਦੌਰਾਨ ਕਰਵਾਈ ਪਬਲਿਕ ਮੀਟਿੰਗ ਦੌਰਾਨ ਡੀ.ਆਈ.ਜੀ. ਨੇ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਪੁਲਿਸ ਵਿਭਾਗ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਉਹ ਬੇਝਿਝਕ ਪੁਲਿਸ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹਨ। ਇਸ ਮੌਕੇ ਐਸ.ਐਸ.ਪੀ. ਮਾਨਸਾ ਵੈਭਵ ਚੌਧਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਨਸ਼ੇ ਨੂੰ ਲੈਕੇ ਪੂਰੀ ਤਰਾਂ ਗੰਭੀਰ ਹਨ ਅਤੇ ਉਨ੍ਹਾਂ ਨਾਲ ਨਸ਼ੇ ਦੀ ਰੋਕਥਾਮ ਦੇ ਸਬੰਧ ਵਿੱਚ ਉਹ ਕਿਸੇ ਵੀ ਸਮੇਂ ਨਿੱਜੀ ਤੌਰ ‘ਤੇ ਸੰਪਰਕ ਕਰ ਸਕਦੇ ਹਨ ਅਤੇ ਵਿਭਾਗ ਉਨ੍ਹਾਂ ਦੀ ਹਰ ਮਦਦ ਕਰੇਗਾ। ਅੱਜ ਦੇ ਆਪ੍ਰੇਸ਼ਨ ਦੌਰਾਨ ਐਸ.ਪੀ. (ਐਚ) ਹਹਿਨਾ ਗੁਪਤਾ, ਐਸ.ਪੀ. (ੳ) ਜਗਵਿੰਦਰ ਸਿੰਘ, ਡੀ.ਐਸ.ਪੀ. (ਸਡ) ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. (ਐਚ) ਪੁਸ਼ਪਿੰਦਰ ਸਿੰਘ, ਇੰਸਪੈਕਟਰ ਬਲਕੌਰ ਸਿੰਘ, ਥਾਣਾ ਮੁਖੀ ਭੀਖੀ ਇੰਸਪੈਕਟਰ ਗੁਰਮੇਲ ਸਿੰਘ, ਐਸ.ਐਚ.ੳ. ਸੁਖਜੀਤ ਸਿੰਘ, ਐਸ.ਐਚ.ੳ. ਪੁਸ਼ਪਿਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਮਲਾ ਤੈਨਾਤ ਸੀ।