ਐਕਸੀਅਨ ਦਫ਼ਤਰ ਅੱਗੇ ਜ਼ੋਰਦਾਰ ਧਰਨਾ, ਪਾਣੀ ਅਤੇ ਬਿਜਲੀ ਦੀ ਕਿੱਲਤ ਲਈ ਸੂਬਾ ਸਰਕਾਰ ਸਿੱਧੀ ਜ਼ਿੰਮੇਵਾਰ : ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਮਾਨਸਾ
Publish Date: Mon, 14 Sep 2026 05:34 PM (IST)
Updated Date: Mon, 14 Sep 2026 05:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਮਾਨਸਾ ਵਿਖੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਪੰਜਾਬ ਭਰ ਵਿੱਚ ਪਾਣੀ ਅਤੇ ਊਰਜਾ ਸੰਕਟ ਖ਼ਿਲਾਫ਼ ਕਿਸਾਨਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੁਦਰਤ ਦੀ ਬੇਰੁਖ਼ੀ ਕਾਰਨ ਪਾਣੀ ਦੀ ਭਾਰੀ ਘਾਟ ਹੈ, ਜਦੋਂਕਿ ਦੂਜੇ ਪਾਸੇ ਸੂਬਾ ਸਰਕਾਰ ਦੀਆਂ ਨਾਕਾਮ ਨੀਤੀਆਂ ਅਤੇ ਬਿਜਲੀ ਦੇ ਲੰਬੇ ਅਣਐਲਾਨੇ ਕੱਟਾਂ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਭਾਵੇਂ ਦਿੱਲੀ ਅਤੇ ਪੰਜਾਬ ਦੀਆਂ ਕੁਰਸੀਆਂ ਤੋਂ ਬੈਠ ਕੇ ਕਿਸਾਨ ਹਿੱਤਾਂ ਦੇ ਵੱਡੇ ਦਾਅਵੇ ਕਰ ਲੈਣ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਅੰਨਦਾਤਾ ਆਪਣੀ ਫ਼ਸਲ ਨੂੰ ਬਚਾਉਣ ਲਈ ਬੂੰਦ - ਬੂੰਦ ਪਾਣੀ ਨੂੰ ਤਰਸ ਰਿਹਾ ਹੈ। ਬਿਜਲੀ ਸਪਲਾਈ ਠੱਪ ਹੋਣ ਕਾਰਨ ਟਿਊਬਵੈੱਲ ਸੁੱਕੇ ਪਏ ਹਨ ਅਤੇ ਝੋਨੇ ਸਮੇਤ ਹੋਰ ਫ਼ਸਲਾਂ ਬਰਬਾਦੀ ਦੇ ਕੰਢੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਸੰਕਟ ਸਿਰਫ਼ ਬਿਜਲੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਐੱਸਵਾਈਐੱਲ ਨਹਿਰ ਦੇ ਵਿਵਾਦ ਨੂੰ ਹੱਲ ਨਾ ਕਰਨ ਅਤੇ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀਬੀਐਮਬੀ) ਵਿੱਚੋਂ ਪੰਜਾਬ ਦੀ ਭਾਗੀਦਾਰੀ ਘਟਾਉਣ ਦੀਆਂ ਸਾਜ਼ਿਸ਼ਾਂ ਵੀ ਜੱਗ ਜ਼ਾਹਿਰ ਹਨ। ਉਨ੍ਹਾਂ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅੱਗੇ ਗੋਡੇ ਟੇਕ ਚੁੱਕੀ ਹੈ। ਕਿਸਾਨਾਂ ਦੀ ਆਰਥਿਕਤਾ ਦੀ ਚਿੰਤਾ ਕੀਤੇ ਬਿਨਾਂ ਸਰਕਾਰ ਸਿਰਫ਼ ਕਾਗਜ਼ੀ ਇਨਕਲਾਬ ਲਿਆਉਣ ਵਿੱਚ ਮਸਰੂਫ਼ ਹੈ। ਮੋਰਚੇ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਤੋਂ ਹੀ ਖੇਤਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਸਰਮਾਏਦਾਰੀ ਢਾਂਚੇ ਵਿਰੁੱਧ ਲੰਬੀ ਲਾਮਬੰਦੀ ਕੀਤੀ ਜਾਵੇਗੀ। ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਹੋਵੇਗੀ। ਧਰਨੇ ਨੂੰ ਮੋਰਚੇ ਦੇ ਆਗੂ ਨਿਰਮਲ ਸਿੰਘ ਝੰਡੂਕੇ, ਲਖਵੀਰ ਸਿੰਘ ਅਕਲੀਆ, ਮਹਿੰਦਰ ਸਿੰਘ ਭੈਣੀਬਾਘਾ, ਲਾਲ ਚੰਦ ਸਰਦੂਲਗੜ੍ਹ, ਭਜਨ ਸਿੰਘ ਘੁੰਮਣ, ਨਰਿੰਦਰ ਕੌਰ ਬੁਰਜ ਹਮੀਰਾ, ਰੂਪ ਸਿੰਘ ਢਿੱਲੋਂ, ਹਰਦੇਵ ਸਿੰਘ ਕੋਟ ਧਰਮੂ, ਰਾਵਲ ਕੋਟੜਾ, ਸ਼ਿਵਚਰਨ ਸੂਚਨ, ਹਰਜਿੰਦਰ ਸਿੰਘ ਮਾਨਸ਼ਾਹੀਆ, ਜੱਗਰ ਸਿੰਘ ਨੇ ਸੰਬੋਧਨ ਕੀਤਾ।