ਬਾਲ ਭਵਨ ਪਾਰਕ ਵਿਖੇ 'ਮਾਵਾਂ ਧੀਆਂ ਦੀ ਹੱਟੀ' ਤਹਿਤ 10 ਸਤੰਬਰ ਨੂੰ ਲੱਗੇਗੀ ਮੰਡੀ: ਏਡੀਸੀ ਕ੍ਰਿਤਿਕਾ ਗੋਇਲ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ 'ਪੰਜਾਬ ਰਾਜ
Publish Date: Tue, 08 Sep 2026 05:47 PM (IST)
Updated Date: Tue, 08 Sep 2026 05:49 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਔਰਤਾਂ ਨੂੰ ਆਰਥਿਕ ਤੌਰ ਤੇ ਆਤਮ - ਨਿਰਭਰ ਬਣਾਉਣ ਦੇ ਮੰਤਵ ਨਾਲ ਮਾਵਾਂ ਧੀਆਂ ਦੀ ਹੱਟੀ ਦੀ ਵਿਸ਼ੇਸ਼ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕ੍ਰਿਤਿਕਾ ਗੋਇਲ ਆਈਏਐੱਸ ਨੇ ਦੱਸਿਆ ਕਿ ਇਹ ਮੰਡੀ ਬਾਲ ਭਵਨ ਪਾਰਕ, ਕੋਰਟ ਕੰਪਲੈਕਸ ਰੋਡ, ਮਾਨਸਾ ਵਿਖੇ 10 ਸਤੰਬਰ ਦਿਨ ਵੀਰਵਾਰ ਸਵੇਰੇ 11:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲਗਾਈ ਜਾਵੇਗੀ। ਸਵੈ - ਸਹਾਇਤਾ ਸਮੂਹਾਂ ਦੀਆਂ ਬੀਬੀਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਵੱਖ - ਵੱਖ ਸਮਾਨ ਵੇਚਣ ਲਈ ਰੱਖਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਕ੍ਰਿਤਿਕਾ ਗੋਇਲ ਨੇ ਦੱਸਿਆ ਕਿ ਹੱਟੀ ਵਿੱਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਆਰਗੈਨਿਕ ਆਟਾ, ਲੱਕੜ ਦੇ ਕੋਹਲੂ ਤੋਂ ਤਿਆਰ ਸ਼ੁੱਧ ਤੇਲ, ਮਿਲਟਸ ਪ੍ਰੋਡਕਟਸ, ਆਰਗੈਨਿਕ ਮਸਾਲੇ, ਮਿਲਟਸ ਬਿਸਕੁਟ, ਘਰੇਲੂ ਆਚਾਰ, ਮੁਰੱਬੇ, ਚਟਨੀਆਂ, ਆਰਗੈਨਿਕ ਸਬਜ਼ੀਆਂ ਤੋਂ ਇਲਾਵਾ ਘਰੇਲੂ ਸਾਬਣ, ਉਬਟਨ ਅਤੇ ਬੀਬੀਆਂ ਵੱਲੋਂ ਤਿਆਰ ਕੀਤੇ ਕਢਾਈ ਵਾਲੇ ਸੂਟ ਵੀ ਉਪਲਬਧ ਹੋਣਗੇ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੰਡੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਔਰਤਾਂ ਦੁਆਰਾ ਤਿਆਰ ਕੀਤੇ ਮਿਆਰੀ ਉਤਪਾਦਾਂ ਦੀ ਖਰੀਦਦਾਰੀ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ।