ਸਮਾਨਤਾ ਤੇ ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦੀ 'ਮੈਰਾਥਨ ਦੌੜ' ਕਰਵਾਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ
Publish Date: Wed, 09 Sep 2026 07:17 PM (IST)
Updated Date: Thu, 10 Sep 2026 04:05 AM (IST)
* 600 ਤੋਂ ਵੱਧ ਖੇਡ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਫ਼ੋਟੋ : 24 ਐਮਏਐਨ ਕੈਪਸ਼ਨ : ਮਾਨਸਾ ਚ ਮੈਰਾਥਨ ਦੌੜ ਦੀ ਸ਼ੁਰੂਆਤ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਸ਼ਹਿਰ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ੇਸ਼ ਮੈਰਾਥਨ ਦੌੜ ਕਰਵਾਈ ਗਈ, ਜਿਸ ਦਾ ਮੁੱਖ ਮਨੋਰਥ ਸਮਾਜਕ ਸਮਾਨਤਾ, ਆਪਸੀ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਰਿਹਾ। ਇਸ ਮੈਰਾਥਨ ਨੂੰ ਏਡੀਸੀ ਪੂਨਮ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਅਤੇ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਖਿਡਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜਿਕ ਤੇ ਰਾਜਨੀਤਿਕ ਨੁਮਾਇੰਦਿਆਂ ਸਮੇਤ 600 ਦੇ ਕਰੀਬ ਖੇਡ ਪ੍ਰੇਮੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਦੱਸਿਆ ਕਿ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦਿਆਂ ਕਰਵਾਈ ਗਈ ਇਹ ਦੌੜ ਲੋਕਾਂ ਨੂੰ ਇੱਕਜੁੱਟ ਹੋ ਕੇ ਸਮਾਜ ਵਿੱਚ ਏਕਤਾ ਦਾ ਸੁਨੇਹਾ ਦੇਣ ਦਾ ਇੱਕ ਨਿਵੇਕਲਾ ਉਪਰਾਲਾ ਹੈ। ਇਸੇ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਆਖਿਆ ਕਿ ਗੁਰੂ ਜੀ ਦੀਆਂ ਅਮੁੱਲ ਸਿੱਖਿਆਵਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਵੱਲ ਪ੍ਰੇਰਿਤ ਕਰਨਾ ਪੰਜਾਬ ਸਰਕਾਰ ਦਾ ਮੁੱਖ ਸੁਪਨਾ ਹੈ। ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਅਜਿਹੇ ਉਪਰਾਲੇ ਨੌਜਵਾਨ ਸ਼ਕਤੀ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਮੈਰਾਥਾਨ ਡੀਸੀ ਕੰਪਲੈਕਸ ਤੋਂ ਆਰੰਭ ਹੋ ਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਜਾ ਕੇ ਸਮਾਪਤ ਹੋਈ। ਇਸ ਮੌਕੇ ਐਸ.ਡੀ.ਐਮ. ਮਾਨਸਾ ਬਲਜੀਤ ਕੌਰ, ਨਗਰ ਕੌਂਸਲ ਪ੍ਰਧਾਨ ਭੂਸ਼ਨ ਕੁਮਾਰ ਮੱਤੀ, ਓਲੰਪੀਅਨ ਸਵਰਨ ਸਿੰਘ ਵਿਰਕ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਚਤਿੰਦਰ ਸ਼ਰਮਾ, ਐਸ.ਐਚ.ਓ. ਬੇਅੰਤ ਕੌਰ, ਜ਼ਿਲ੍ਹਾ ਟ੍ਰੈਫਿਕ ਇੰਚਾਰਜ ਯਾਦਵਿੰਦਰ ਸਿੰਘ, ਲੇਖਾਕਾਰ ਮਨਪ੍ਰੀਤ ਸਿੰਘ ਸਿੱਧੂ ਅਤੇ ਕੋਚ ਸੰਗਰਾਮਜੀਤ ਸਿੰਘ ਸਮੇਤ ਖੇਡ ਵਿਭਾਗ ਦੇ ਕੋਚ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਮੌਜੂਦ ਸਨ।