ਆਪ ’ਚ ਸ਼ਾਮਲ ਕਈ ਵਪਾਰੀ ਪਰਿਵਾਰ, ਪਾਰਟੀ ’ਚ ਹੋਇਆ ਵਾਧਾ
ਆਮ ਆਦਮੀ ਪਾਰਟੀ ਨੂੰ ਸਰਦੂਲਗੜ੍ਹ
Publish Date: Mon, 30 Mar 2026 06:54 PM (IST)
Updated Date: Tue, 31 Mar 2026 04:10 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਆਮ ਆਦਮੀ ਪਾਰਟੀ ਨੂੰ ਸਰਦੂਲਗੜ੍ਹ ਹਲਕੇ ਵਿੱਚ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸ਼ਹਿਰ ਦੇ ਪ੍ਰਮੁੱਖ ਵਪਾਰੀ ਵਰਗ ਨਾਲ ਸੰਬੰਧਤ ਕੁਝ ਪਰਿਵਾਰ ਨੇ ਪਾਰਟੀ ਦਾ ਪੱਲਾ ਫੜ ਲਿਆ । ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਟੀਮ ਸਮੇਤ ਦਾਣਾ ਮੰਡੀ ਵਿਖੇ ਪਹੁੰਚ ਕੇ ਵਪਾਰੀ ਪਰਿਵਾਰਾਂ ਨੂੰ ਸਿਰੋਪੇ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਵਿਧਾਇਕ ਬਨਾਵਾਲੀ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਭੂਮਿਕਾ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਨੇ ਹਾਜ਼ਰ ਵਪਾਰੀਆਂ, ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਦੂਲਗੜ੍ਹ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਤੇ ਜਲਦ ਹੀ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ‘ਤੇ ਪ੍ਰੀਮਿਕਸ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਖੈਰਾ ਰੋਡ ਨਾਲ ਜੋੜਨ ਵਾਲੀ 99 ਫੁੱਟੀ ਸੜਕ ਦਾ ਟੈਂਡਰ ਵੀ ਹੋ ਚੁੱਕਿਆ ਹੈ ਤੇ ਇਸ ਦਾ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਆਵੇਗਾ। ਇਸ ਮੌਕੇ ਪ੍ਰਮੁੱਖ ਸਮਾਜ ਸੇਵੀ ਸ਼ਹਿਰੀ ਪ੍ਰੇਮ ਗਰਗ ਨੇ ਦੱਸਿਆ ਕਿ ਅਨਾਜ ਮੰਡੀ ਦੀ ਪ੍ਰਸਿੱਧ ਫਰਮ “ਦੇਸਰਾਜ ਮਦਨ ਲਾਲ” ਦੇ ਮਾਲਕਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣਾ ਪਾਰਟੀ ਲਈ ਮਜ਼ਬੂਤੀ ਦਾ ਸੰਕੇਤ ਹੈ। ਉਨ੍ਹਾਂ ਨੇ ਨਵੇਂ ਮੈਂਬਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਵਿੱਚ ਸਵਾਗਤ ਕੀਤਾ। ਕਾਰਜਕ੍ਰਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਅਹੁਦੇਦਾਰ ਵਿਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ (ਦਰਸ਼ੀ), ਅਵਤਾਰ ਸਿੰਘ, ਕੌਂਸਲਰ ਵਿਰਸਾ ਸਿੰਘ, ਸੁਖਜੀਤ ਸਿੰਘ ਬੱਬਰ, ਪੰਕਜ ਕੁਮਾਰ ਗਰਗ (ਟਾਟਾ), ਰੇਸ਼ਮ ਸਿੰਘ ਐਮਸੀ. ਅਤੇ ਸ਼ੁਭਾਸ਼ ਅਰੋੜਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਸ਼ਹਿਰ ਵਾਸੀ ਮੌਜੂਦ ਰਹੇ। ਇਸ ਸ਼ਮੂਲੀਅਤ ਨਾਲ ਸਰਦੂਲਗੜ੍ਹ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।