ਮੀਂਹ ਪੈਣ ਉਪਰੰਤ ਖੇਤਾਂ ’ਚ ਵਿਛੀ ਫ਼ਸਲ, ਬਦਲਿਆ ਮੌਸਮ
ਮੌਸਮ ’ਚ ਇੱਕ ਦਮ
Publish Date: Fri, 03 Apr 2026 07:15 PM (IST)
Updated Date: Sat, 04 Apr 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੌਸਮ ’ਚ ਇੱਕ ਦਮ ਬਦਲਾਅ ਆ ਗਿਆ ਹੈ। ਮਾਨਸਾ ਸ਼ਹਿਰ ’ਚ ਅੱਜ ਬੱਦਲਵਾਈ ਸਵੇਰ ਤੋਂ ਹੀ ਬਣੀ ਹੋਈ ਸੀ ਅਤੇ ਮੀਂਹ ਪੈਣ ਦੇ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਇਸ ਦੌਰਾਨ ਜਿੱਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਵਿਛ ਗਈ, ਉਥੇ ਹੀ ਸ਼ਹਿਰ ’ਚ ਵੀ ਪਾਣੀ ਜਮ੍ਹਾਂ ਹੋ ਗਿਆ। ਇਸ ਨਾਲ ਆਮ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਲ ਹੋ ਗਈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹੇ ’ਚ ਬੱਦਲਵਾਈ ਹੋ ਰਹੀ ਹੈ। ਕਈ ਜਗ੍ਹਾ ਮੀਂਹ ਪੈਣ ਦੇ ਇਲਾਵਾ ਕੁੱਝ ਪਿੰਡਾਂ ’ਚ ਗੜੇਮਾਰੀ ਵੀ ਹੋਈ ਹੈ। ਇਸ ਕਾਰਨ ਕਿਸਾਨ ਵੀ ਚਿੰਤਤ ਹਨ। ਮੌਸਮ ਵਿਭਾਗ ਅਨੁਸਾਰ ਅਜੇ ਮੀਂਹ ਦੇ ਅਸਾਰ ਬਣੇ ਹੋਏ ਹਨ ਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਾਮ ਨੂੰ ਤੇਜ਼ ਮੀਂਹ ਆਉਣ ਕਾਰਨ ਸ਼ਹਿਰ ਦੇ ਬੱਸ ਸਟੈਂਡ ਸਾਹਮਣੇ ਸੜਕ ‘ਤੇ ਪਾਣੀ ਜਮ੍ਹਾਂ ਹੋ ਗਿਆ ਤੇ ਆਮ ਲੋਕਾਂ ਲੰਘਦੇ ਹੋਏ ਮੁਸ਼ਕਿਲ ’ਚ ਫ਼ਸੇ ਦਿਖਾਈ ਦਿੱਤੇ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਦਾ ਆਖਣਾ ਹੈ ਕਿ ਵਾਢੀ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਤਰ੍ਹਾਂ ਵਾਰ-ਵਾਰ ਪੈ ਰਹੇ ਮੀਂਹ ਕਾਰਨ ਨੁਕਸਾਨ ਹੀ ਹੈ। ਕਿਸਾਨ ਵੀ ਚਿੰਤਤ ਹਨ, ਕਿਉਂਕਿ ਸਾਲ ਭਰ ਪੁੱਤਾਂ ਵਾਂਗ ਪਾਲੀ ਫ਼ਸਲ ਇਸ ਤਰ੍ਹਾਂ ਦੇ ਮੌਸਮ ਨਾਲ ਖ਼ਰਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਧੁੱਪਾਂ ਨਿਕਲਣ ਅਤੇ ਕਿਸਾਨ ਆਪਣੀ ਫ਼ਸਲ ਦੇ ਪ੍ਰਬੰਧ ਕਰ ਲਏ। ਇਹ ਹੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ। ਉਧਰ ਸ਼ਹਿਰ ਦੀਆਂ ਸੜਕਾਂ ’ਤੇ ਖੜ੍ਹੇ ਪਾਣੀ ਦੇ ਸਬੰਧ ’ਚ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਵੱਲੋਂ ਪਾਣੀ ਨਿਕਾਸੀ ਦੇ ਪ੍ਰਬੰਧ ਪੂਰੇ ਕਰਨੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।