22 ਜੁਲਾਈ ਨੂੰ ਮਾਨਸਾ ਵਿਖੇ ਘੇਰਿਆ ਜਾਵੇਗਾ ਬੀਜੇਪੀ ਦਾ ਮੁੱਖ ਦਫ਼ਤਰ ਇੱਥੋਂ ਥੋੜੀ ਦੂਰ ਨੇੜਲੇ ਪਿੰਡ ਫਫੜੇ ਭਾਈਕੇ ਦੇ
Publish Date: Sat, 18 Jul 2026 05:33 PM (IST)
Updated Date: Sat, 18 Jul 2026 05:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਪਿੰਡ ਫਫੜੇ ਭਾਈਕੇ ਦੇ ਗੁਰੂ ਘਰ ਵਿਚ ਮਾਨਸਾ ਜ਼ਿਲ੍ਹੇ ਦੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਕਿਸਾਨ ਆਗੂ ਅਮਰੀਕ ਸਿੰਘ ਫਫੜੇ ਭਾਈਕੇ, ਲਛਮਣ ਸਿੰਘ ਚੱਕ ਅਲੀਸ਼ੇਰ ਅਤੇ ਗੁਰਮੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਕਰਦਿਆਂ ਕਿਸਾਨ ਆਗੂ ਕਾਮਰੇਡ ਗੁਰਨਾਮ ਸਿੰਘ ਭੀਖੀ ਨੇ ਦੱਸਿਆ ਕਿ 22 ਜੁਲਾਈ ਨੂੰ ਸਾਰੇ ਪੰਜਾਬ ਵਿੱਚ 12 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਪਰਚੀ ਮੁਕਤ ਕੀਤੇ ਜਾਣਗੇ। ਭਾਜਪਾ ਦੇ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਦਰਾਂ ਤੇ ਧਰਨੇ ਮਾਰੇ ਜਾਣਗੇ। ਇਸੇ ਕੜੀ ਤਹਿਤ ਮਾਨਸਾ ਵਿਖੇ ਬੀਜੇਪੀ ਦੇ ਮੁੱਖ ਦਫ਼ਤਰ ਮੂਹਰੇ ਚੇਤਾਵਨੀ ਧਰਨਾ ਦਿੱਤਾ ਜਾਵੇਗਾ। ਕੇਂਦਰ ਦੀ ਬੀਜੇਪੀ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ। ਜੇ ਇਹ ਸਮਝੌਤਾ ਅਮਰੀਕਾ ਦੀ ਮਰਜ਼ੀ ਮੁਤਾਬਕ ਹੋ ਗਿਆ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ਦੀ ਮੌਤ ਦੇ ਵਾਰੰਟਾਂ ਤੇ ਸਾਈਨ ਕਰੇਗਾ। ਇਹ ਸਮਝੌਤਾ ਲਾਗੂ ਹੋਣ ਨਾਲ ਦੇਸ਼ ਦੇ ਕਿਸਾਨਾਂ ਦੀ ਖੇਤੀ ਅਤੇ ਸਹਾਇਕ ਧੰਦੇ ਬਰਬਾਦ ਹੋ ਜਾਣਗੇ। ਇਸ ਲਈ ਕਿਸਾਨ ਸਮਝਦੇ ਹਨ ਕਿ ਭੁੱਖੇ ਮਰਨ ਨਾਲੋਂ ਲੜਕੇ ਹੀ ਕਿਉਂ ਨਾ ਮਰਿਆ ਜਾਵੇ। ਇਹ ਸਮਝੌਤਾ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਇਸ ਸਮਝੌਤੇ ਨੂੰ ਰੱਦ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚਾ ਕਰੋ ਜਾਂ ਮਰੋ ਦੀ ਨੀਤੀ ਅਪਣਾ ਕੇ, ਦੇਸ਼ ਅੰਦਰ ਤਿੱਖਾ ਸੰਘਰਸ਼ ਸ਼ੁਰੂ ਕਰੇਗਾ। 22 ਜੁਲਾਈ ਦੇ ਧਰਨੇ ਸਰਕਾਰ ਨੂੰ ਚੇਤਾਵਨੀ ਦੇਣਗੇ ਕਿ ਜੇ ਸਰਕਾਰ ਨੇ ਦੇਸ਼ ਦੇ ਅੰਨਦਾਤੇ ਦੇ ਵਿਰੁੱਧ ਕੋਈ ਕਦਮ ਚੁੱਕਿਆ ਤਾਂ ਦੇਸ਼ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਕਰਕੇ ਇਸ ਸੈਸ਼ਨ ਦੌਰਾਨ ਪੂਰ੍ਹੇ ਦੇਸ਼ ਵਿੱਚ ਕਿਸਾਨ ਆਪਣੀ ਲੜਾਈ ਜੋ ਕੇਂਦਰ ਸਰਕਾਰ ਅਤੇ ਸਾਮਰਾਜੀ ਮੁਲਕ ਅਮਰੀਕਾ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਹੈ। ਇਸ ਨੂੰ ਹੋਰ ਤਿੱਖੀ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਰਾਮਫ਼ਲ ਸਿੰਘ ਚੱਕ ਅਲੀ ਸ਼ੇਰ, ਭੋਲਾ ਸਿੰਘ ਮਾਖਾ ਅਤੇ ਰਾਮ ਸਿੰਘ ਜੀ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਦੇਵੀ ਰਾਮ ਰੰਗੜਿਆਲ, ਰੂਪ ਸਿੰਘ ਢਿੱਲੋਂ, ਕੁਲਦੀਪ ਸਿੰਘ ਚੱਕ ਭਾਈ ਕੇ, ਸੁੱਚਾ ਸਿੰਘ ਮਲਕੋ ਅਤੇ ਬਲਮ ਸਿੰਘ ਫਫੜੇ ਆਦਿ ਹਾਜ਼ਰ ਸਨ।