ਮਾਨਸਾ ’ਚ ਮੀਂਹ ਮਗਰੋਂ ਸੜਕਾਂ ਹੋਈਆਂ ਜਲਥਲ, ਆਮ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਮਾਨਸਾ ਵਿੱਚ ਅੱਜ ਸਵੇਰੇ ਮਾਨਸਾ ਵਿੱਚ ਅੱਜ ਸਵੇਰੇ
Publish Date: Fri, 21 Aug 2026 04:17 PM (IST)
Updated Date: Fri, 21 Aug 2026 04:18 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਨਸਾ ਵਿਚ ਅੱਜ ਸਵੇਰੇ ਅਚਾਨਕ ਪਏ ਤੇਜ਼ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਤੇ ਗਲੀਆਂ ਜਲਥਲ ਹੋ ਗਈਆਂ। ਸੜਕਾਂ ’ਤੇ ਪਾਣੀ ਖੜ੍ਹਨ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਦੇ ਮੋਟਰਸਾਈਕਲ ਤੇ ਹੋਰ ਵਾਹਨ ਪਾਣੀ ਵਿਚ ਬੰਦ ਹੋ ਗਏ, ਜਿਨ੍ਹਾਂ ਨੂੰ ਧੱਕਾ ਲਗਾ ਕੇ ਜਾਂ ਰੋੜ੍ਹ ਕੇ ਬਾਹਰ ਕੱਢਣਾ ਪਿਆ। ਕਈ ਜਗ੍ਹਾ ‘ਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਥੇ ਪੁੱਟੀਆਂ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਵੀ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਇਕ ਵਾਰ ਫ਼ਿਰ ਮਾਨਸਾ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ। ਲੋਕ ਨਗਰ ਕੌਂਸਲ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ, ਪਰ ਇਸ ਦਾ ਸਥਾਈ ਹੱਲ ਨਹੀਂ ਹੋ ਸਕਿਆ। ਮੀਂਹ ਪੈਣ ਤੋਂ ਬਾਅਦ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ, ਬਰਨਾਲਾ-ਸਿਰਸਾ ਨੈਸ਼ਨਲ ਹਾਈਵੇਅ ‘ਤੇ ਮਾਨਸਾ ਤਿੰਨਕੋਣੀ ਦੇ ਓਵਰਬ੍ਰਿਜ ਨੇੜੇ ਵੀ ਪਾਣੀ ਖੜ੍ਹ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿਚ ਵੀ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿਚ ਦਿੱਕਤ ਆਈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਹਰ ਸਾਲ ਮੀਂਹ ਪੈਣ ਤੋਂ ਬਾਅਦ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਸੜਕਾਂ ਦੇ ਨਿਰਮਾਣ ਕਾਰਨ ਬਣੇ ਖੱਡਿਆਂ ਵਿਚ ਵੀ ਪਾਣੀ ਭਰ ਗਿਆ, ਜਿਸ ਕਾਰਨ ਉਥੋਂ ਲੰਘਣਾ ਹੋਰ ਵੀ ਮੁਸ਼ਕਲ ਹੋ ਗਿਆ। ਲੋਕਾਂ ਨੇ ਨਗਰ ਕੌਂਸਲ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਢੁਕਵੇਂ ਅਤੇ ਸਥਾਈ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਮੀਂਹ ਦੌਰਾਨ ਆਮ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।