ਰਾਤ ਭਰ ਪਏ ਮੀਂਹ ਕਾਰਨ ਜਮ੍ਹਾਂ ਹੋਇਆ ਸ਼ਹਿਰ ’ਚ ਪਾਣੀ ਰਾਤ ਭਰ ਮਾਨਸਾ ਵਿੱਚ ਪਏ
Publish Date: Thu, 15 Oct 2026 04:11 PM (IST)
Updated Date: Thu, 15 Oct 2026 04:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਰਾਤ ਭਰ ਮਾਨਸਾ ਵਿਚ ਪਏ ਮੀਂਹ ਕਾਰਨ ਸ਼ਹਿਰ ਵਿਚ ਪਾਣੀ ਜਮ੍ਹਾਂ ਹੋ ਗਿਆ ਹੈ। ਇਕ ਪਾਸੇ ਜਿੱਥੇ ਅਲੱਗ ਅਲੱਗ ਜਗ੍ਹਾ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ, ਉਥੇ ਦੂਜੇ ਪਾਸੇ ਕਿਸਾਨਾਂ ਦੀਆਂ ਦਿੱਕਤਾਂ ਵੀ ਵਧੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਮੀਂਹ ਸ਼ੁਰੂ ਹੋ ਗਿਆ ਤੇ ਅੱਜ ਸਵੇਰੇ ਵੀ ਇਹ ਮੀਂਹ ਪੈਂਦਾ ਰਿਹਾ। ਇਸ ਕਾਰਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ, ਤਿੰਨਕੋਣੀ ਦੇ ਇਲਾਵਾ ਸ਼ਹਿਰ ਦੀਆਂ ਹੋਰ ਸੜਕਾਂ ’ਤੇ ਪਾਣੀ ਖੜ੍ਹ ਗਿਆ ਤੇ ਇਸ ਦੌਰਾਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਾਵੇਂਕਿ ਅੱਜ ਪੰਜਾਬ ਬੰਦ ਸੀ, ਪਰ ਇਸ ਦੇ ਬਾਵਜੂਦ ਲੋਕ ਮਾਨਸਾ ਵਿਚ ਧਰਨੇ ’ਤੇ ਆਉਂਦੇ ਜਾਂਦੇ ਰਹੇ। ਇਕ ਪਾਸੇ ਜਿੱਥੇ ਇਸ ਪਾਣੀ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ, ਉਥੇ ਹੀ ਦੂਜੇ ਪਾਸੇ ਇਸ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਵੀ ਮੁਸ਼ਕਲਾਂ ਵੱਧ ਗਈਆਂ ਹਨ। ਮਾਨਸਾ ਦੇ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਜਦ ਵੀ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਸਭ ਪ੍ਰਬੰਧ ਬਿਹਤਰ ਹੋਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਦਾਅਵਿਆਂ ਦੀ ਹਕੀਕਤ ਕੀ ਹੈ। ਇਹ ਮੀਂਹ ਨੇ ਦਿਖਾ ਦਿੱਤੀ ਹੈ। ਸ਼ਹਿਰ ਦਾ ਕੋਈ ਟਾਵਾਂ ਏਰੀਆ ਹੀ ਬਚਿਆ ਹੋਵੇਗਾ, ਜਿੱਥੇ ਪਾਣੀ ਨਾ ਖੜ੍ਹਾ ਹੋਵੇ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਬੇਰੁੱਤਾ ਇਹ ਮੀਂਹ ਝੋਨੇ ਤੇ ਨਰਮੇ ਦੀਆਂ ਦੋਨਾਂ ਫ਼ਸਲਾਂ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਰਾਤ ਵਾਲੇ ਮੀਂਹ ਅਤੇ ਝੱਖੜ ਨਾਲ ਝੋਨਾ ਧਰਤੀ ’ਤੇ ਵਿਛ ਗਿਆ ਹੈ, ਜਿਸ ਨਾਲ ਕਟਾਈ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕਟਾਈ ਵੀ ਪੱਛੜ ਗਈ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਕੁਦਰਤ ਦੀ ਇਸ ਮਾਰ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਨਾ ਰੁਲਣਾ ਪਵੇ। ਇਸ ਲਈ ਝੋਨੇ ਦੀ ਨਮੀ ਸਬੰਧੀ ਮਾਪਦੰਡਾਂ ਵਿਚ ਸੋਧ ਕਰਕੇ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵਧਾ ਕੇ 22 ਫ਼ੀਸਦੀ ਕੀਤੀ ਜਾਵੇ।