- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਵਿੱਚ ਪਏਨ ਮਾਨਸਾ ਵਿੱਚ ਪਏਨ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਮਾਨਸਾ ਵਿਚ ਪਏ ਮੀਂਹ ਦੇ ਕਾਰਨ ਅੱਜ ਵੱਖ-ਵੱਖ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਆਮ ਲੋਕਾਂ ਨੂੰ ਇਸ ਪਾਣੀ ’ਚੋਂ ਨਿਕਲਣਾ ਮੁਸ਼ਕਿਲ ਹੋ ਗਿਆ। ਇਸ ਕਾਰਨ ਜਿੱਥੇ ਦੋ ਪਹੀਆ ਅਤੇ ਕਈ ਚਾਰ ਪਹੀਆ ਵਾਹਨ ਪਾਣੀ ’ਚ ਰੁੱਕਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆਈ, ਉਥੇ ਹੀ ਪੈਦਲ ਆਉਣ ਜਾਣ ਵਾਲੇ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪਿਆ।
ਜ਼ਿਕਰਯੋਗ ਹੈ ਕਿ ਅੱਜ ਸਵੇਰ ਵੇਲ ਹੀ ਅਚਾਨਕ ਮਾਨਸਾ ਸ਼ਹਿਰ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਇਸ ਦੇ ਕਾਰਨ ਹੀ ਮੌਸਮ ਵਿਚ ਬਦਲਾਅ ਹੋ ਗਿਆ। ਇਸ ਨਾਲ ਠੰਢਕ ਮਹਿਸੂਸ ਹੋਣ ਲੱਗੀ। ਸ਼ਹਿਰ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ, ਤਿੰਨਕੋਣੀ ਤੇ ਵਾਟਰ ਵਰਕਸ ਰੋਡ ਅਤੇ ਹੋਰ ਕਈ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਕਾਰਨ ਆਮ ਲੋਕ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ।
ਇਸ ਦੇ ਨਾਲ ਹੀ ਦੂਜੇ ਪਾਸੇ ਇਸ ਦੇ ਕਾਰਨ ਝੋਨੇ ਦੀ ਵਾਢੀ ਵੀ ਪੱਛੜੇਗੀ ਤੇ ਮੰਡੀਆਂ ’ਚ ਵੀ ਪਈ ਝੋਨੇ ਫ਼ਸਲ ’ਤੇ ਵੀ ਇਸ ਦਾ ਅਸਰ ਪਿਆ ਹੈ। ਇਸ ਦੇ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਦੇ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧੀਆਂ ਹਨ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਵੀ ਝੋਨੇ ਦੀ ਸੰਭਾਲ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਨੇ ਮੀਂਹ ਆਉਣ ’ਤੇ ਝੋਨੇ ਉਪਰ ਪੱਲੀਆਂ ਪਾ ਲਈਆਂ ਹਨ, ਪਰ ਇਸ ਨਾਲ ਝੋਨਾ ਖ਼ਰਾਬ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਝੋਨੇ ਦੀ ਵਾਢੀ ਵੀ ਪੱਛੜ ਜਾਵੇਗੀ। ਹਨੇਰੀ ਕਾਰਨ ਡਿੱਗੇ ਝੋਨੇ ਦੇ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਨਰਮੇ ਦੀ ਕੁਆਲਟੀ ’ਤੇ ਵੀ ਇਸ ਦਾ ਅਸਰ ਪਵੇਗਾ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋ ਰਹੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਨਿਯਮਾਂ ਅਨੁਸਾਰ ਝੋਨੇ ਦੀ ਫ਼ਸਲ ਖ਼ਰੀਦ ਸਮੇਂ ਵੱਧ ਤੋਂ ਵੱਧ ਨਮੀ ਦੀ ਮਾਤਰਾ 17 ਫ਼ੀਸਦੀ ਰੱਖੀ ਹੋਈ ਹੈ, ਇਹ 22 ਫ਼ੀਸਦੀ ਕੀਤੀ ਜਾਵੇ।