ਮਾਨਸਾ ਡਿਵੈੱਲਪਮੈਂਟ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮਿਲ ਰਹੀ ਸਫ਼ਲਤਾ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ
Publish Date: Sun, 20 Sep 2026 05:23 PM (IST)
Updated Date: Mon, 21 Sep 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਡਿਵੈੱਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਅਗਰਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਮਾਨਸਾ ਰੇਲਵੇ ਸਟੇਸ਼ਨ ਦੇ ਵਿਕਾਸ ਅਤੇ ਯਾਤਰੀਆਂ ਦੀਆਂ ਸਹੂਲਤਾਂ ਲਈ ਪਿਛਲੇ ਲਗਭਗ ਦੋ ਸਾਲਾਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮਾਨਸਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਰੀ-ਡਿਵੈੱਲਪ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਟੇਸ਼ਨ ’ਤੇ ਯਾਤਰੀਆਂ ਦੀ ਸਹੂਲਤ ਨਾਲ ਸਬੰਧਤ ਕਈ ਕੰਮ ਪਹਿਲਾਂ ਹੀ ਕੀਤੇ ਜਾਣੇ ਚਾਹੀਦੇ ਸਨ। ਐਸੋਸੀਏਸ਼ਨ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਲਗਾਤਾਰ ਰੇਲਵੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਐਸੋਸੀਏਸ਼ਨ ਦੇ ਸਰਗਰਮ ਮੈਂਬਰ ਵਿਨੋਦ ਕਾਲੀ, ਪ੍ਰੇਮ ਅਗਰਵਾਲ, ਕ੍ਰਿਸ਼ਨ ਚੌਹਾਨ, ਸੁਨੀਲ ਗੋਇਲ, ਸ਼ਿਆਮ ਲਾਲ ਗੋਇਲ, ਕੇ.ਕੇ. ਸਿੰਗਲਾ ਅਤੇ ਰਾਮਕ੍ਰਿਸ਼ਨ ਚੁੱਘ ਵੱਲੋਂ ਮਿਲ ਕੇ ਯਾਤਰੀਆਂ ਦੀਆਂ ਵੱਖ-ਵੱਖ ਮੰਗਾਂ ਨੂੰ ਰੇਲਵੇ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਐਸੋਸੀਏਸ਼ਨ ਦੀ ਇੱਕ ਬਹੁਤ ਮਹੱਤਵਪੂਰਨ ਮੰਗ ਸੀ ਕਿ ਮਾਨਸਾ ਰੇਲਵੇ ਸਟੇਸ਼ਨ ਦੇ ਦੋਵੇਂ ਪਲੇਟਫ਼ਾਰਮਾਂ ’ਤੇ ਕੋਚ ਇੰਡੀਕੇਸ਼ਨ ਸਿਸਟਮ ਲਗਾਇਆ ਜਾਵੇ ਤਾਂ ਜੋ ਯਾਤਰੀਆਂ ਨੂੰ ਆਪਣਾ ਕੋਚ ਲੱਭਣ ਵਿੱਚ ਮੁਸ਼ਕਿਲ ਨਾ ਆਵੇ। ਇਸ ਦੀ ਖ਼ਾਸ ਲੋੜ ਸੀਨੀਅਰ ਸਿਟੀਜ਼ਨ, ਮਹਿਲਾਵਾਂ, ਬੱਚਿਆਂ ਤੇ ਦਿਵਿਆਂਗ ਯਾਤਰੀਆਂ ਨੂੰ ਹੁੰਦੀ ਹੈ। ਜਤਿੰਦਰ ਅਗਰਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਆਰਐੱਮ ਪੁਸ਼ਪੇਸ਼ ਰਮਨ ਤ੍ਰਿਪਾਠੀ ਵੱਲੋਂ ਕੋਚ ਇੰਡੀਕੇਸ਼ਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਨੇ ਡੀ.ਆਰ.ਐੱਮ. ਪੁਸ਼ਪੇਸ਼ ਰਮਨ ਤ੍ਰਿਪਾਠੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਾਨਸਾ ਦੀਆਂ ਜਨਤਕ ਮੰਗਾਂ ਨੂੰ ਗੰਭੀਰਤਾ ਨਾਲ ਸੁਣ ਰਹੇ ਹਨ ਅਤੇ ਯਾਤਰੀਆਂ ਦੀਆਂ ਸਹੂਲਤਾਂ ਨਾਲ ਜੁੜੇ ਮਾਮਲਿਆਂ ’ਤੇ ਕਾਰਵਾਈ ਕਰ ਰਹੇ ਹਨ।