- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਕੰਪਲੈਕਸ ਦੇ ਦੋ ਗੇਟਾਂ ਵਿਚੋਂ ਇੱਕ ਗੇਟ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਦਿਖਾਈ ਦਿੰਦੇ ਹਨ, ਜਦਕਿ ਦੂਜਾ ਗੇਟ ਬਿਨਾਂ ਕਿਸੇ ਸੁਰੱਖਿਆ ਮੁਲਾਜ਼ਮ ਤੇ ਸੁਰੱਖਿਆ ਯੰਤਰਾਂ ਬਿਨਾਂ ਖੁੱਲ੍ਹਾ ਰਹਿੰਦਾ ਹੈ। ਪਰ ਅਜਿਹੀ ਸਥਿਤੀ ਵਿਚ ਕੰਪਲੈਕਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਇੱਕ ਮਹੱਤਵਪੂਰਨ ਸਰਕਾਰੀ ਸਥਾਨ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਸਰਕਾਰੀ ਕੰਮਾਂ ਲਈ ਪਹੁੰਚਦੇ ਹਨ। ਇਸ ਤੋਂ ਇਲਾਵਾ ਇੱਥੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਵੀ ਸਥਿਤ ਹਨ। ਅਜਿਹੇ ਅਹਿਮ ਸਥਾਨ ’ਤੇ ਸੁਰੱਖਿਆ ਪ੍ਰਬੰਧਾਂ ਵਿਚ ਚੌਕਸੀ ਤੇ ਇਕਸਾਰਤਾ ਹੋਣੀ ਬੇਹੱਦ ਜ਼ਰੂਰੀ ਹੈ।
ਸਵਾਲ ਇਹ ਹੈ ਕਿ ਜਦੋਂ ਇਕ ਗੇਟ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਦੂਜੇ ਗੇਟ ਨੂੰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਕਿਉਂ ਛੱਡਿਆ ਗਿਆ ਹੈ? ਕੀ ਦੋਵੇਂ ਗੇਟਾਂ ਦੀ ਸੁਰੱਖਿਆ ਲਈ ਕੋਈ ਨਿਰਧਾਰਤ ਪ੍ਰਬੰਧ ਹੈ ਜਾਂ ਫਿਰ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਇਕ ਗੇਟ ਤੱਕ ਹੀ ਸੀਮਤ ਹੈ? ਕੰਪਲੈਕਸ ਵਿਚ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਤੇ ਸੁਰੱਖਿਆ ਪ੍ਰਬੰਧਾਂ ਦੀ ਨਿਯਮਤ ਸਮੀਖਿਆ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਐਡਵੋਕੇਟ ਸਿੱਖਿਆ ਕਲਾ ਮੰਚ ਦੇ ਚੇਅਰਮੈਨ ਤੇ ਐਡਵੋਕੇਟ ਡਾਕਟਰ ਸੰਦੀਪ ਘੰਡ ਦਾ ਕਹਿਣਾ ਹੈ ਕਿ ਜਿਹੜੇ ਸੁਰੱਖਿਆ ਪ੍ਰਬੰਧਾਂ ਦੀਆਂ ਉਣਤਾਈਆਂ ਦਾ ਖਮਿਆਜ਼ਾ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ’ਤੇ ਆਮ ਜਨਤਾ ਹੀ ਭੁਗਤਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਭਾਵੇਂ ਇੱਕ ਟ੍ਰੈਫ਼ਿਕ ਬਾਹਰ ਮੁੱਖ ਗੇਟ ’ਤੇ ਤਾਇਲਾਤ ਹੈ, ਪਰ ਅੰਦਰਲੇ ਗੇਟ ’ਤੇ ਵੀ ਸੁਰੱਖਿਆ ਮੁਲਾਜ਼ਮ ਅਤੇ ਸੁਰੱਖਿਆ ਯੰਤਰ ਜ਼ਰੂਰੀ ਹੋਣੇ ਚਾਹੀਦੇ ਹਨ।