ਕਤਲ ਦੇ ਮਾਮਲੇ ’ਚ ਸਰਪੰਚ ਸਮੇਤ ਤਿੰਨ ਨੂੰ ਪੁਲਿਸ ਨੇ ਕੀਤਾ ਕਾਬੂ, ਬਾਕੀਆਂ ਦੀ ਕਰ ਰਹੀ ਹੈ ਪੁਲਿਸ ਭਾਲ ਮਾਨਸਾ ਪੁਲਿਸ ਵੱਲੋ ਮਾਨਸਾ ਪੁਲਿਸ ਵੱਲੋ
Publish Date: Wed, 19 Aug 2026 06:46 PM (IST)
Updated Date: Wed, 19 Aug 2026 06:48 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣਮਾਨਸਾ ਮਾਨਸਾ ਪੁਲਿਸ ਵੱਲੋਂ ਪਿੰਡ ਨੰਗਲ ਕਲਾਂ ਵਿਖੇ ਹੋਏ ਕਤਲ ਦੇ ਦੋਸ਼ੀਆਂ ਵਿਚੋਂ ਮੁੱਖ ਦੋਸ਼ੀਆਂ ਨੂੰ ਕੁੱਝ ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਮਾਨਸਾ ਭਾਗੀਰਥ ਸਿੰਘ ਮੀਨਾ ਵੱਲੋਂ ਪ੍ਰੈਸ ਕਾਨਫਰਾਂਸ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 17 ਅਗਸਤ 2026 ਨੂੰ ਚੌਕੀ ਕੋਟਧਰਮੂ ਵਿਖੇ ਚੌਕੀ ਇੰਚਾਰਜ ਥਾਣੇਦਾਰ ਬਲਜਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਅਮਨਦੀਪ ਕੁਮਾਰ ਉਰਫ਼ ਮੰਗੂ ਵਾਸੀ ਨੰਗਲ ਕਲਾਂ ਉਮਰ ਕਰੀਬ 36 ਸਾਲ ਦੇ ਲੜਾਈ ਝਗੜਾ ਹੋਣ ਕਰਕੇ ਸੱਟਾਂ ਵੱਜੀਆਂ ਹਨ, ਜਿਸ ਨੇ ਆਪਣਾ ਬਿਆਨ ਲਿਖਵਾਇਆ ਕਿ 17 ਅਗਸਤ 2026 ਨੂੰ 3.30 ਵਜੇ ਦੁਪਹਿਰ ਸਮੇਂ ਪਿੰਡ ਵਾਲੇ ਗੁਰੂਘਰ ਵਾਲੀ ਫ਼ਿਰਨੀ ਜਾ ਰਿਹਾ ਸੀ ਤਾਂ ਉਸੇ ਪਿੰਡ ਦਾ ਮੌਜੂਦਾ ਸਰਪੰਚ ਰੇਸ਼ਮ ਸਿੰਘ ਉਰਫ਼ ਜਿੰਦਾ ਵਾਸੀ ਨੰਗਲ ਕਲਾਂ ਸਮੇਤ ਗਗਨਪ੍ਰੀਤ ਸਿੰਘ ਉਰਫ਼ ਗਗਨ ਵਾਸੀ ਜਵਾਹਰਕੇ, ਸ਼ਗਨਦੀਪ ਸਿੰਘ ਉਰਫ਼ ਸ਼ਗਨੀ ਵਾਸੀ ਗੁਰਨੇ ਖੁਰਦ, ਖੁਸਪਿੰਦਰ ਸਿੰਘ ਉਰਫ਼ ਖੁਸ਼ ਵਾਸੀ ਭੰਮੇ ਕਲਾਂ, ਬਾਦਲ ਸਿੰਘ ਵਾਸੀ ਭੰਮੇ ਕਲਾਂ, ਕੁਲਦੀਪ ਸਿੰਘ ਵਾਸੀ ਭੰਮੇ ਕਲਾਂ ਤੇ 4/5 ਹੋਰ ਨਾ ਮਾਲੂਮ ਵਿਅਕਤੀ ਜਿਨ੍ਹਾਂ ਕੋਲ ਲੋਹੇ ਦੇ ਰਾਡ, ਸੱਬਲ ਤੇ ਕ੍ਰਿਪਾਨਾਂ ਆਦਿ ਸਨ ਜੋ ਆਪਣੀ ਸਵਿਫਟ ਡਿਜ਼ਾਇਰ ਅਤੇ ਸਕਾਰਪਿਓ ਗੱਡੀ ਵਿਚ ਆ ਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਦਿਆਂ ਉਸ ਦੇ ਕਾਫ਼ੀ ਸੱਟਾਂ ਮਾਰੀਆਂ ਤੇ ਰੌਲਾ ਪਾਉਣ ਤੇ ਮੌਕੇ ਤੋਂ ਭੱਜ ਗਏ। ਇਸ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਸਰਪੰਚੀ ਦੀਆਂ ਵੋਟਾਂ ਸਮੇਂ ਮੇਰੀ ਸਰਪੰਚ ਰੇਸ਼ਮ ਸਿੰਘ ਨਾਲ ਬਹਿਸ ਹੋਈ ਸੀ। ਉਸ ਸਮੇ ਤੋਂ ਹੀ ਸਰਪੰਚ ਰੇਸ਼ਮ ਸਿੰਘ ਮੇਰੇ ਨਾਲ ਖਾਰ ਰੱਖਦਾ ਸੀ ਇਸ ਕਰਕੇ ਹੀ ਅੱਜ ਸਰਪੰਚ ਰੇਸ਼ਮ ਸਿੰਘ ਨੇ ਸਮੇਤ ਆਪਣੇ ਸਾਥੀਆਂ ਨਾਲ ਹਮਲਾ ਕੀਤਾ ਹੈ। ਇਸ ਤੇ ਏਐੱਸਆਈ ਦਲੇਰ ਸਿੰਘ 232/ਮਾ ਚੌਕੀ ਕੋਟਧਰਮੁ ਨੇ ਅਮਨਦੀਪ ਸ਼ਰਮਾ ਉਕਤ ਦੇ ਬਿਆਨ ‘ਤੇ ਬਰਖ਼ਿਲਾਫ਼ ਰੇਸ਼ਮ ਸਿੰਘ ਉਰਫ਼ ਜਿੰਦਾ ਵਾਸੀ ਨੰਗਲ ਕਲਾਂ ਸਮੇਤ ਗਗਨਪ੍ਰੀਤ ਸਿੰਘ ਉਰਫ਼ ਗਗਨ ਵਾਸੀ ਜਵਾਹਰਕੇ, ਸ਼ਗਨਦੀਪ ਸਿੰਘ ਉਰਫ਼ ਸ਼ਗਨੀ ਵਾਸੀ ਗੁਰਨੇ ਖੁਰਦ, ਖੁਸਪਿੰਦਰ ਸਿੰਘ ਉਰਫ਼ ਖੂਸ਼ੂ ਵਾਸੀ ਭੰਮੇ ਕਲਾਂ, ਬਾਦਲ ਸਿੰਘ ਵਾਸੀ ਭੰਮੇ ਕਲਾਂ, ਕੁਲਦੀਪ ਸਿੰਘ ਵਾਸੀ ਭੰਮੇ ਕਲਾ ਅਤੇ 4/5 ਹੋਰ ਨਾ ਮਾਲੂਮ ਤੇ ਮੁਕੱਦਮਾ ਨੰਬਰ 274 ਮਿਤੀ 17.8.2026 ਅ/ਧ 109,188(1), 155(2), 190, 191(3) ਬੀ.ਐੱਨ.ਐੱਸ.ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਰਜਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਦੇਖ ਰੇਖ ਹੇਠਾਂ ਇੰਸ: ਬਲਕੌਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਨਸਾ, ਇੰਸ:ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਤੇ ਥਾਣੇ: ਬਲਜਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਕੋਟ ਧਰਮੂ ਦੀ ਅਗਵਾਈ ਵਿਚ ਵੱਖ ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਫ਼ਿਰ 18 ਅਗਸਤ 2026 ਨੂੰ ਇੰਸ : ਜਸਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ ਨੂੰ ਇਤਲਾਹ ਮਿਲੀ ਕਿ ਮੁਕੱਦਮੇ ਦਾ ਮੁਦੱਈ ਅਮਨਦੀਪ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਤਾਂ ਇੰਸਪੈਕਟਰ ਜਸਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ ਨੇ ਮ੍ਰਿਤਕ ਦੇ ਭਰਾ ਵਰਿੰਦਰ ਕੁਮਾਰ ਦਾ ਤਰਤੀਮਾ ਬਿਆਨ ਲਿਖ ਕੇ ਮੁਕੱਦਮੇ ਵਿਚ ਰਾਹੀ ਰਪਟ ਨੰਬਰ 37 ਮਿਤੀ 18.8.2026 ਨਾਲ ਜੁਰਮ ਅ/ਧ 103(1) ਬੀ.ਐਨ.ਐਸ ਤਹਿਤ ਵਾਧਾ ਕਰਕੇ ਤਫ਼ਤੀਸ਼ ਅਮਲ ਵਿਚ ਲਿਆ ਕੇ ਦੌਰਾਨੇ ਤਫ਼ਤੀਸ਼ ਅੱਜ 19 ਅਗਸਤ, 2026 ਨੂੰ ਮੁੱਕਦਮਾ ਹਜਾ ਦੇ ਮੁੱਖ ਦੋਸੀ ਸਰਪੰਚ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ, ਗਗਨਪ੍ਰੀਤ ਸਿੰਘ ਉਰਫ ਗਗਨ ਪੁੱਤਰ ਗੁਰਮੀਤ ਸਿੰਘ ਵਾਸੀ ਜਵਾਹਰਕੇ ਅਤੇ ਸ਼ਗਨਦੀਪ ਸਿੰਘ ਉਰਫ ਸ਼ਗਨੀ ਪੁੱਤਰ ਮਿੱਠੂ ਸਿੰਘ ਵਾਸੀ ਗੁਰਨੇ ਖੁਰਦ ਨੂੰ ਰਮਦਿੱਤੇਵਾਲਾ ਚੌਂਕ ਮਾਨਸਾ ਤੋ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ, ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਤਲ ਕਰਨ ਸਮੇ ਵਰਤੇ ਹਥਿਆਰ ਤੇ ਵਹੀਕਲਾਂ ਨੂੰ ਬਰਾਮਦ ਕਰਵਾਇਆ ਜਾਵੇਗਾ ਅਤੇ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।