- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਸ਼ਹਿਰ ਦੀ ਜੋਤਾਂ ਵਾਲੀ ਗਲੀ ’ਚ 36 ਸਾਲਾ ਸਤਨਾਮ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਉਸ ਦੀ ਨੂੰਹ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਸ਼ਹਿਰ ਦੀ ਜੋਤਾਂ ਵਾਲੀ ਗਲੀ ’ਚ 36 ਸਾਲਾ ਸਤਨਾਮ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਉਸ ਦੀ ਨੂੰਹ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਂ ਸੁਰਜੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਅਲੀਸ਼ੇਰ ਕਲਾਂ ਨੇ ਦੱਸਿਆ ਕਿ 4 ਅਗਸਤ 2026 ਨੂੰ ਉਸ ਦਾ ਛੋਟਾ ਲੜਕਾ ਸਤਨਾਮ ਸਿੰਘ ਆਪਣੀ ਦਵਾਈ ਲੈਣ ਲਈ ਮਾਨਸਾ ਸ਼ਹਿਰ ਆਇਆ ਸੀ। ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਪੁਲਿਸ ਨੇ ਇਤਲਾਹ ਦਿੱਤੀ ਕਿ ਉਸ ਦੇ ਲੜਕੇ ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਸਿਵਲ ਹਸਪਤਾਲ ਮਾਨਸਾ ਵਿਖੇ ਰੱਖੀ ਗਈ ਹੈ।
ਸੁਰਜੀਤ ਕੌਰ ਨੇ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰਾਂ ਨੇ 5 ਅਗਸਤ 2026 ਨੂੰ ਜੋਤਾਂ ਵਾਲੀ ਗਲੀ ’ਚ ਜਾ ਕੇ ਆਪਣੇ ਪੱਧਰ 'ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 4 ਅਗਸਤ ਨੂੰ ਅਣਪਛਾਤਿਆਂ ਵੱਲੋਂ ਸਤਨਾਮ ਸਿੰਘ ਨੂੰ ਚੋਰ ਸਮਝ ਕੇ ਕੇਬਲ ਦੀ ਤਾਰ ਨਾਲ ਬੰਨ੍ਹ ਦਿੱਤਾ ਗਿਆ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੀ ਨੂੰਹ ਰਮਨਦੀਪ ਕੌਰ ਵਾਸੀ ਮਾਖਾ ਚਹਿਲਾ ਨੇ ਪਹਿਲਾਂ ਵੀ ਦੋ-ਤਿੰਨ ਵਿਆਹ ਕਰਵਾਏ ਹੋਏ ਸਨ, ਜਿਸ ਕਾਰਨ ਉਸ ਦੀ ਸਤਨਾਮ ਸਿੰਘ ਨਾਲ ਅਣਬਣ ਚੱਲ ਰਹੀ ਸੀ। ਪਰਿਵਾਰ ਨੂੰ ਪੂਰਾ ਸ਼ੱਕ ਹੈ ਕਿ ਅਣਪਛਾਤਿਆਂ ਵੱਲੋਂ ਇਹ ਕੁੱਟਮਾਰ ਰਮਨਦੀਪ ਕੌਰ ਦੇ ਕਹਿਣ 'ਤੇ ਹੀ ਕੀਤੀ ਗਈ ਹੈ। ਪੁਲਿਸ ਨੇ 5 ਅਗਸਤ 2026 ਨੂੰ ਮੁਕੱਦਮਾ ਨੰਬਰ 180 ਤਹਿਤ ਧਾਰਾ 105, 61(2), 3 (5) ਬੀਐੱਨਐੱਸ ਅਧੀਨ ਰਮਨਦੀਪ ਕੌਰ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ (ਐੱਸਆਈ) ਦਰਸ਼ਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ।