- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕੀਤਾ ਹੈ। ਇੱਕ ਵਾਰ ਫ਼ਿਰ ਹੁਣ ਪੁਲਿਸ ’ਤੇ ਸਵਾਲ ਉੱਠ ਗਏ ਹਨ ਕਿਉਂਕਿ ਏਮਜ਼ ਵਿੱਚ ਪੋਸਟਮਾਰਟਮ ਬਾਅਦ ਦੀ ਡਾਕਟਰੀ ਰਿਪੋਰਟ ਵਿੱਚ ਦਲਜੀਤ ਦੇ ਪਿਸ਼ਾਬ ਦੇ ਸੈਂਪਲ ਵਿੱਚ ਨਸ਼ੇ ਦੀ ਮਾਤਰਾ ਆਈ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿੰਡ ਭੰਮੇ ਕਲਾਂ ਦੇ ਨੌਜਵਾਨ ਦੀ ਮੌਤ ਦਾ ਮਾਮਲਾ ਪੋਸਟਮਾਰਟਮ ਰਿਪੋਰਟ ਆਉਣ ਬਾਅਦ ਫ਼ਿਰ ਚਰਚਾ ਵਿੱਚ ਆ ਗਿਆ ਹੈ। ਦਲਜੀਤ ਸਿੰਘ ਦੀ ਹੋਈ ਮੌਤ ਦੇ ਬਾਅਦ ਹੀ ਪੁਲਿਸ ਵਿਵਾਦਾਂ ’ਚ ਘਿਰੀ ਹੋਈ ਹੈ। ਇੱਕ ਪਾਸੇ ਜਿੱਥੇ ਪਰਿਵਾਰ ਵੱਲੋਂ ਸ਼ੁਰੂ ਤੋਂ ਹੀ ਨਸ਼ੇ ਦੀ ਓਵਰਡੋਜ਼ ਨਾਲ ਦਲਜੀਤ ਸਿੰਘ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ, ਉਥੇ ਹੀ ਪੁਲਿਸ ਵੱਲੋਂ ਉਸ ਦੀ ਮੌਤ ਨੂੰ ਕਤਲ ਦੱਸਿਆ ਗਿਆ। ਪੁਲਿਸ ਨੇ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕੀਤਾ ਹੈ। ਇੱਕ ਵਾਰ ਫ਼ਿਰ ਹੁਣ ਪੁਲਿਸ ’ਤੇ ਸਵਾਲ ਉੱਠ ਗਏ ਹਨ ਕਿਉਂਕਿ ਏਮਜ਼ ਵਿੱਚ ਪੋਸਟਮਾਰਟਮ ਬਾਅਦ ਦੀ ਡਾਕਟਰੀ ਰਿਪੋਰਟ ਵਿੱਚ ਦਲਜੀਤ ਦੇ ਪਿਸ਼ਾਬ ਦੇ ਸੈਂਪਲ ਵਿੱਚ ਨਸ਼ੇ ਦੀ ਮਾਤਰਾ ਆਈ ਹੈ।
ਦੱਸਣਯੋਗ ਹੈ ਕਿ ਦਲਜੀਤ ਸਿੰਘ ਦੀ ਲਾਸ਼ ਰਾਮਾਨੰਦੀ 27 ਅਕਤੂਬਰ ਨੂੰ ਮਿਲੀ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਵੱਲੋਂ ਧਰਨਾ ਲਗਾਏ ਜਾਣ ਬਾਅਦ ਲਾਸ਼ ਪਿੰਡ ਭੰਮੇ ਕਲਾਂ ਤੋਂ ਮਾਨਸਾ ਧਰਨੇ ਵਿੱਚ ਲਿਆਂਦੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ’ਚ ਟਕਰਾਅ ਹੋ ਗਿਆ। ਪੁਲਿਸ ਨੇ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਸਮੇਤ ਕਈ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਸ ਦੇ ਬਾਅਦ ਧਰਨੇ ਵਿੱਚ ਪਹੁੰਚੀ ਦਲਜੀਤ ਸਿੰਘ ਦੀ ਭੈਣ ਅਮਰਜੀਤ ਕੌਰ, ਪਤਨੀ ਪਰਮਜੀਤ ਕੌਰ ਅਤੇ ਮਾਂ ਸ਼ਿੰਦਰਪਾਲ ਕੌਰ ਨੇ ਉਸ ਦੀ ਮੌਤ ਨਸ਼ੇ ਕਾਰਨ ਹੋਣ ਦਾ ਦਾਅਵਾ ਕੀਤਾ। ਇਸ ਦੇ ਇਲਾਵਾ ਉਨ੍ਹਾਂ ਪੁਲਿਸ ‘ਤੇ ਵੀ ਇਸ ਨੂੰ ਕਤਲ ਮਾਮਲਾ ਬਣਾਉਣ ਦਾ ਦਾਅਵਾ ਕੀਤਾ। ਮੌਤ ਦੇ ਅੱਠ ਦਿਨਾਂ ਬਾਅਦ ਦਲਜੀਤ ਸਿੰਘ ਦਾ ਸਸਕਾਰ ਕੀਤਾ ਗਿਆ ਸੀ। ਦਲਜੀਤ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ’ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਕਰ ਲਿਆ ਗਿਆ ਹੈ।
ਇਹੀ ਨਹੀਂ, ਇਸ ਦੇ ਬਾਅਦ ਇੱਕ ਸੋਸ਼ਲ ਮੀਡੀਆ ’ਤੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਵੀਡਿਉ ਵਾਇਰਲ ਕੀਤੀ ਸੀ। ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਦਲਜੀਤ ਦੀ ਮੌਤ ਕਤਲ ਨਹੀਂ, ਸਗੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਹੈ। ਪਰਿਵਾਰ ਦਾ ਦੋਸ਼ ਸੀ ਕਿ ਪੁਲਿਸ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਤੇ ਝੂਠੇ ਮਾਮਲੇ ਦਰਜ ਕਰਕੇ ਫ਼ਸਾ ਰਿਹਾ ਹੈ। ਹੁਣ ਜਦੋਂ ਏਮਜ਼ ਬਠਿੰਡਾ ਦੀ ਪੋਸਟਮਾਰਟਮ ਰਿਪੋਰਟ ’ਚ ਦਲਜੀਤ ਸਿੰਘ ਦੀ ਮੌਤ ਦੌਰਾਨ ਨਸ਼ੇ ਦੀ ਮਾਤਰਾ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਇਸ ਬਾਅਦ ਪੁਲਿਸ ‘ਤੇ ਸੁਆਲ ਖੜ੍ਹੇ ਹੋ ਗਏ ਹਨ। ਪੁਲਿਸ ‘ਤੇ ਹੁਣ ਉਂਗਲੀ ਉੱਠ ਰਹੀ ਹੈ। ਇਹ ਵੀ ਸੁਆਲ ਉੱਠ ਰਹੇ ਹਨ ਕਿ ਦਲਜੀਤ ਜੇਕਰ ਨਸ਼ਾ ਲੈ ਕੇ ਇਸ ਦਲਦਲ ਵਿੱਚ ਆਇਆ ਤਾਂ ਕਿਸ ਤਰ੍ਹਾਂ ਆਇਆ। ਉਸ ਤੱਕ ਨਸ਼ਾ ਪਹੁੰਚਾਉਣ ਵਾਲੇ ਕਿਹੜੇ ਵਿਅਕਤੀ ਸਨ ਅਤੇ ਨਸ਼ਾ ਕਿਸ ਕੋਲੋਂ ਆਉਂਦਾ ਸੀ। ਇਸ ਦੀ ਜਾਂਚ ਵੀ ਪੁਲਿਸ ਵੱਲੋਂ ਬਰੀਕੀ ਨਾਲ ਕੀਤੀ ਜਾਣੀ ਚਾਹੀਦੀ ਹੈ, ਦੀ ਗੱਲ ਲੋਕ ਆਖ ਰਹੇ ਹਨ।
ਜਦ ਇਸ ਮਾਮਲੇ ਵਿੱਚ ਐਸਐਸਪੀ ਵੈਭਵ ਚੌਧਰੀ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦਾ ਆਖਣਾ ਸੀ ਕਿ ਦਲਜੀਤ ਸਿੰਘ ਦੇ ਬਿਆਨਾਂ ’ਤੇ ਹੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜੇ ਦਲਜੀਤ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ ਅਤੇ ਇਹ ਵਿਸਰਾ ਰਿਪੋਰਟ ਆਉਣ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਸ ਦੀ ਮੌਤ ਦਾ ਅਸਲ ਕਾਰਨ ਕੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦਲਜੀਤ ਸਿੰਘ ਦੀ ਲਾਸ਼ ਦਾ ਏਮਜ਼ ਬਠਿੰਡਾ ਦੇ ਬਾਅਦ ਪੀਜੀਆਈ ਚੰਡੀਗੜ੍ਹ ਵਿੱਚ ਦੁਆਰਾ ਪੋਸਟਮਾਰਟਮ ਕਰਵਾਇਆ ਗਿਆ ਸੀ। ਪੀਜੀਆਈ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।