- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਦੇ ਗਿੱਧਾ ਕੋਚ ਪਾਲ ਸਿੰਘ ਵੱਲੋਂ ਇੱਕ ਤੀਆਂ ਦੇ ਸਮਾਗਮ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤੁਲਨਾ ਮਾਤਾ ਗੁਜਰ ਕੌਰ ਜੀ ਨਾਲ ਕੀਤੇ ਜਾਣ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਮਾਨਸਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖਕੇ ਇਸ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਦੇ ਗਿੱਧਾ ਕੋਚ ਪਾਲ ਸਿੰਘ ਵੱਲੋਂ ਇੱਕ ਤੀਆਂ ਦੇ ਸਮਾਗਮ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤੁਲਨਾ ਮਾਤਾ ਗੁਜਰ ਕੌਰ ਜੀ ਨਾਲ ਕੀਤੇ ਜਾਣ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਮਾਨਸਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖਕੇ ਇਸ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
ਅਕਾਲੀ ਦਲ ਵਾਰਿਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਪਿਛਲੇ ਦਿਨ੍ਹੀਂ ਪਿੰਡ ਸਮਾਓਂ ਦੇ ਗਿੱਧਾ ਕੋਚ ਪਾਲ ਸਿੰਘ ਨੇ ਇੱਕ ਤੀਆਂ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਬੁਲਾਏ ਗਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੀ ਸਿਫ਼ਤ ਕਰਦਿਆਂ ਉਨ੍ਹਾਂ ਦੀ ਤੁਲਨਾ ਮਾਤਾ ਗੁਜਰ ਕੌਰ ਜੀ ਨਾਲ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਚਰਨ ਕੌਰ ਵਿੱਚ ਮਾਤਾ ਗੁਜਰ ਕੌਰ ਜੀ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਸੰਗਤਾਂ, ਜਥੇਬੰਦੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਮਾਤਾ ਗੁਜਰ ਕੌਰ ਜੀ ਦੀ ਤੁਲਨਾ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਕਿਸੇ ਵੀ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ।
ਪਾਲ ਸਿੰਘ ਸਮਾਓਂ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤੁਲਨਾ ਮਾਤਾ ਗੁਜਰ ਕੌਰ ਜੀ ਨਾਲ ਕਰਕੇ ਸਿੱਖ ਧਰਮ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਿੱਖ ਸੰਗਤਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਨੇ ਥਾਣਾ ਭੀਖੀ ਦੀ ਪੁਲੀਸ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ।
ਬੇਸ਼ੱਕ ਪਾਲ ਸਿੰਘ ਸਮਾਓਂ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਜਾਰੀ ਕਰਕੇ ਪੂਰੀ ਸਿੱਖ ਸੰਗਤ ਤੋਂ ਮਾਫ਼ੀ ਮੰਗੀ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਹ ਭਾਵੁਕ ਹੋ ਕੇ ਅਜਿਹੇ ਸ਼ਬਦ ਬੋਲ ਗਏ, ਜੋ ਉਨ੍ਹਾਂ ਨੂੰ ਨਹੀਂ ਬੋਲਣੇ ਚਾਹੀਦੇ ਸਨ, ਪਰ ਫ਼ਿਰ ਵੀ ਉਹ ਪੂਰ੍ਹੇ ਸਿੱਖ ਸਮਾਜ ਤੋਂ ਮਾਫ਼ੀ ਮੰਗਦੇ ਹਨ।