- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਰਮਜੀਤ ਤਾਮਕੋਟ, ਦਰਸ਼ਨ ਅਲੀਸ਼ੇਰ ਅਤੇ ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ ਧਰਮਿੰਦਰ ਹੀਰੇਵਾਲਾ ਅਤੇ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੈਨਸ਼ਨ ਦੀ ਮੰਗ ਕਰਨ ਆਏ ਸਨ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਝੁਨੀਰ ਵਿਖੇ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰਨ ਜਾਂਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ ਆਗੂਆਂ ਨੂੰ ਝੁਨੀਰ ਬੱਸ ਸਟੈਂਡ ਤੋਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਥਾਣਿਆਂ ‘ਚ ਬੰਦ ਕਰ ਦਿੱਤਾ।
ਇਸ ਦੌਰਾਨ ਆਗੂਆਂ ਅਤੇ ਵਰਕਰਾਂ ਨੇ ਨਾਅਰੇਬਾਜ਼ੀ ਵੀ ਕੀਤੀ। ਮੁੱਖ ਮੰਤਰੀ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿੱਚ ਰੈਲੀ ਕਰਨ ਆਏ ਸਨ। ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਰਮਜੀਤ ਤਾਮਕੋਟ, ਦਰਸ਼ਨ ਅਲੀਸ਼ੇਰ ਅਤੇ ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ ਧਰਮਿੰਦਰ ਹੀਰੇਵਾਲਾ ਅਤੇ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੈਨਸ਼ਨ ਦੀ ਮੰਗ ਕਰਨ ਆਏ ਸਨ।
ਇਨ੍ਹਾਂ ਆਗੂਆਂ ਤੋਂ ਇਲਾਵਾ ਅੰਗਰੇਜ਼ ਸਿੰਘ ਸਾਹਨੇਵਾਲੀ,ਕੁਲਦੀਪ ਅੱਕਾਂਵਾਲੀ, ਗੁਰਲਾਲ ਬਹਿਣੀਵਾਲ, ਗੁਰਦੀਪ ਬਰਨਾਲਾ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ ਬੋਹਾ, ਗੁਰਪਾਲ ਘੁਦੁਵਾਲਾ ਨੂੰ ਪੁਲਿਸ ਨੇ ਝੁਨੀਰ ਦੇ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਸਰਦੂਲਗੜ੍ਹ ਥਾਣੇ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਥਾਣੇ ਵਿੱਚੋ ਰਿਹਾਅ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਟੀਐਫ਼ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ,ਜੀਟੀਯੂ ਦੇ ਲਖਵਿੰਦਰ ਮਾਨ ਅਤੇ ਗੁਰਪ੍ਰੀਤ ਭੀਖੀ ਨੇ ਦੱਸਿਆ ਕਿ ਦੋਵੇਂ ਜਥੇਬੰਦੀਆਂ ਦੀਆਂ ਸੂਬਾ ਕਮੇਟੀਆਂ ਨੇ ਐਲਾਨ ਕੀਤਾ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਸ ਜ਼ਿਲ੍ਹੇ ਵਿਚ ਵੀ ਪ੍ਰੋਗਰਾਮ ਕਰਨ ਆਵੇਗਾ, ਉਥੇ ਉਸ ਤੋਂ ਪੁਰਾਣੀ ਪੈਨਸ਼ਨ ਦੇ ਸਾਢੇ ਚਾਰ ਸਾਲ ਪਹਿਲਾਂ ਕੀਤੇ ਝੂਠੇ ਨੋਟੀਫ਼ਿਕੇਸ਼ਨ ਬਾਰੇ ਸਵਾਲ ਪੁੱਛੇ ਜਾਣਗੇ।
ਉਸੇ ਐਲਾਨ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੀਆਂ ਦੋਵੇਂ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਾਰਟੀ ਦੇ ਵਾਅਦੇ ਅਤੇ ਆਪਣੇ ਐਲਾਨ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਕੀਤੀ। ਸਰਦੂਲਗੜ ਥਾਣੇ ਵਿੱਚੋਂ ਗ੍ਰਿਫ਼ਤਾਰ ਆਗੂਆਂ ਨੂੰ ਨੂੰ ਛੁਡਾਉਣ ਪਹੁੰਚੇ ਅਧਿਆਪਕ ਆਗੂਆਂ ਬਿੱਕਰਜੀਤ ਸਾਧੂਵਾਲਾ, ਗੁਰਦਾਸ ਬਾਜੇਵਾਲਾ, ਦਰਸ਼ਨ, ਜਟਾਣਾ, ਨਵੀਨ ਬੋਹਾ, ਨਿਧਾਨ ਸਿੰਘ, ਹਰਵਿੰਦਰ ਮੋਹਲ, ਕੌਰ ਸਿੰਘ, ਦਰਸ਼ਨ ਕੁਮਾਰ ਅਤੇ ਅਰਵਿੰਦਰ ਸਿੰਘ ਖ਼ੈਰਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਡੀਆਂ ਰੈਲੀਆਂ ਵਿੱਚ ਜਾ ਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਵਾਅਦੇ ਕਰਦੇ ਰਿਹਾ ਹੈ ਅਤੇ ਸਰਕਾਰ ਬਣਨ ਤੇ ਗੁਜਰਾਤ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਇੱਕ ਝੂਠਾ ਨੋਟੀਫ਼ਿਕੇਸ਼ਨ ਵੀ ਕੀਤਾ, ਜੋ ਕਿ ਮੁੱਖ ਮੰਤਰੀ ਦੇ ਦੂਜੇ ਵਾਅਦਿਆਂ ਵਾਂਗ ਨਿਰ੍ਹਾ ਝੂਠ ਸਾਬਿਤ ਹੋਇਆ।
ਹਾਲਾਂਕਿ ਉਸ ਨੋਟੀਫਿਕੇਸ਼ਨ ਤੋਂ ਬਾਅਦ ਕਰੋੜਾਂ- ਅਰਬਾਂ ਦੀਆਂ ਫਲੈਕਸਾਂ ਪੰਜਾਬ ਤੋਂ ਗੁਜਰਾਤ ਤੱਕ ਲਾ ਦਿੱਤੀਆਂ ਸਨ। ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨੰਗੇ ਚਿੱਟੇ ਜ਼ਬਰ ਤੇ ਉੱਤਰ ਆਈ ਹੈ |ਆਪਣੇ ਹੱਕ ਮੰਗਦੇ ਲੋਕਾਂ ਨੂੰ ਜ਼ਬਰੀ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ।