ਗਿੱਧਾ ਕੋਚ ਸਮਾਓਂ ਵੱਲੋਂ ਦਿੱਤੇ ਵਿਵਾਦਿਤ ਬਿਆਨ ਵਿਰੁੱਧ ਦਿੱਤਾ ਮੰਗ ਪੱਤਰ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ
Publish Date: Thu, 06 Aug 2026 07:52 PM (IST)
Updated Date: Fri, 07 Aug 2026 04:08 AM (IST)
* ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਦੀ ਮਾਤਾ ਗੁਜਰੀ ਨਾਲ ਕੀਤੀ ਤੁਲਨਾ * ਐੱਸਐੱਸਪੀ ਮਾਨਸਾ ਕੋਲੋਂ ਕਾਰਵਾਈ ਕਰਨ ਦੀ ਕੀਤੀ ਜਾ ਰਹੀ ਹੈ ਮੰਗ ਫ਼ੋਟੋ : 24 ਐਮਏਐਨ ਕੈਪਸ਼ਨ : ਜ਼ਿਲ੍ਹਾ ਪੁਲਿਸ ਮੁਖੀ ਨੂੰ ਮੰਗ ਪੱਤਰ ਦੇ ਕੇ ਆਏ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਦੇ ਗਿੱਧਾ ਕੋਚ ਪਾਲ ਸਿੰਘ ਵੱਲੋਂ ਇਕ ਤੀਆਂ ਦੇ ਸਮਾਗਮ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤੁਲਨਾ ਮਾਤਾ ਗੁਜਰੀ ਨਾਲ ਕੀਤੇ ਜਾਣ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਮਾਨਸਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੱਤਰ ਲਿਖ ਕੇ ਇਸ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਅਕਾਲੀ ਦਲ ਵਾਰਿਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਪਿਛਲੇ ਦਿਨ੍ਹੀਂ ਪਿੰਡ ਸਮਾਓਂ ਦੇ ਗਿੱਧਾ ਕੋਚ ਪਾਲ ਸਿੰਘ ਨੇ ਇਕ ਤੀਆਂ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਬੁਲਾਏ ਗਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੀ ਸਿਫ਼ਤ ਕਰਦਿਆਂ ਉਨ੍ਹਾਂ ਦੀ ਤੁਲਨਾ ਮਾਤਾ ਗੁਜਰੀ ਨਾਲ ਕਰ ਦਿੱਤੀ, ਜਿਸ ’ਚ ਉਨ੍ਹਾਂ ਕਿਹਾ ਕਿ ਚਰਨ ਕੌਰ ’ਚ ਮਾਤਾ ਗੁਜਰੀ ਜੀ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਸੰਗਤ, ਜਥੇਬੰਦੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਦੀ ਤੁਲਨਾ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਕਿਸੇ ਵੀ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ। ਪਾਲ ਸਿੰਘ ਸਮਾਓਂ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਤੁਲਨਾ ਮਾਤਾ ਗੁਜਰੀ ਨਾਲ ਕਰ ਕੇ ਸਿੱਖ ਧਰਮ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਿੱਖ ਸੰਗਤ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਥਾਣਾ ਭੀਖੀ ਦੀ ਪੁਲਿਸ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ। ਬੇਸ਼ੱਕ ਪਾਲ ਸਿੰਘ ਸਮਾਓਂ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਜਾਰੀ ਕਰਕੇ ਪੂਰੀ ਸਿੱਖ ਸੰਗਤ ਤੋਂ ਮਾਫ਼ੀ ਮੰਗੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਹ ਭਾਵੁਕ ਹੋ ਕੇ ਅਜਿਹੇ ਸ਼ਬਦ ਬੋਲ ਗਏ, ਜੋ ਉਨ੍ਹਾਂ ਨੂੰ ਨਹੀਂ ਬੋਲਣੇ ਚਾਹੀਦੇ ਸਨ, ਪਰ ਫ਼ਿਰ ਵੀ ਉਹ ਪੂਰੇ ਸਿੱਖ ਸਮਾਜ ਤੋਂ ਮਾਫੀ ਮੰਗਦੇ ਹਨ।