ਫਾਇਰਿੰਗ ਕਰਨ ਦੇ ਮਾਮਲੇ ‘ਚ ਮੁਲਜ਼ਮ ਗ੍ਰਿਫ਼ਤਾਰ ਬੈਕ ਸਾਈਡ ਨਹਿਰੂ
Publish Date: Thu, 17 Sep 2026 05:18 PM (IST)
Updated Date: Fri, 18 Sep 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਬੈਕਸਾਈਡ ਨਹਿਰੂ ਕਾਲਜ ਮਾਨਸਾ ’ਚ 14 ਸਤੰਬਰ ਨੂੰ ਹੋਈ ਫ਼ਾਇਰਿੰਗ ਦੀ ਘਟਨਾ ਨੂੰ ਟਰੇਸ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਘਟਨਾ ’ਚ ਵਰਤੀ ਗਈ ਆਈ- 20 ਕਾਰ, ਮੋਟਰਸਾਈਕਲ, ਮਾਰੂ ਹਥਿਆਰ ਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੈਭਵ ਚੌਧਰੀ ਨੇ ਦੱਸਿਆ ਕਿ 14 ਸਤੰਬਰ ਨੂੰ ਬੈਕਸਾਈਡ ਨਹਿਰੂ ਕਾਲਜ, ਵਾਰਡ ਨੰਬਰ. 4 ਮਾਨਸਾ ਵਿਖੇ ਫ਼ਾਇਰਿੰਗ ਦੀ ਸੂਚਨਾ ਮਿਲੀ ਸੀ। ਇਸ ਘਟਨਾ ’ਚ ਹਰਵਿੰਦਰ ਸਿੰਘ ਵਾਸੀ ਮਾਨਸਾ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਥਾਣਾ ਸਿਟੀ-2 ਮਾਨਸਾ ’ਚ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਸੀਆਈਏ ਸਟਾਫ਼ ਮਾਨਸਾ ਅਤੇ ਥਾਣਾ ਸਿਟੀ-2 ਦੀਆਂ ਟੀਮਾਂ ਨੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਜਾਂਚ ਕਰਦਿਆਂ 9 ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਨੀਤ ਕੁਮਾਰ ਉਰਫ਼ ਪੰਕੂ ਉਰਫ਼ ਹਨੀ ਵਾਸੀ ਪਿੰਡ ਬਰ੍ਹੇ ਥਾਣਾ ਬੋਹਾ, ਜ਼ਿਲ੍ਹਾ ਮਾਨਸਾ ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਵਾਸੀ ਵਾਰਡ ਨੰਬਰ 04 ਨਿਧਾਨ ਸਿੰਘ ਨਗਰ ਮਾਨਸਾ ਕੋਲੋਂ ਵਾਰਦਾਤ ’ਚ ਵਰਤੀ ਆਈ-20 ਕਾਰ ਤੇ ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮ ਰਿੰਪਲ ਸ਼ਰਮਾ ਤੇ ਹਰਮਨਦੀਪ ਸਿੰਘ ਕੋਲੋਂ ਮੋਟਰਸਾਈਕਲ ਪੀਬੀ 10 ਸੀਏ 3763 ਤੇ ਗੁਰਪ੍ਰੀਤ ਸਿੰਘ ਉਰਫ਼ ਨੀਲਾ ਵਾਸੀ ਵਾਰਡ ਨੰਬਰ. 06 ਮਾਨਸਾ ਤੇ ਆਸ਼ੂ ਵਾਸੀ ਵਾਰਡ ਨੰਬਰ. 6 ਪਾਸੋਂ 2 ਮੋਬਾਈਲ ਫ਼ੋਨ ਬਰਾਮਦ ਕਰਨ ਦੀ ਗੱਲ ਪੁਲਿਸ ਨੇ ਕਹੀ ਹੈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹਨੀ ਸ਼ਰਮਾ ਨੂੰ ਘਟਨਾ ਦਾ ਕਥਿਤ ਮਾਸਟਰਮਾਈਂਡ ਦੱਸਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਮੁਤਾਬਕ ਜੇਕਰ ਜਾਂਚ ਦੌਰਾਨ ਕਿਸੇ ਗੈਂਗਸਟਰ ਜਾਂ ਉਸ ਦੇ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਤੇ ਜ਼ਖ਼ਮੀ ਹਰਵਿੰਦਰ ਸਿੰਘ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਪੁਲਿਸ ਅਨੁਸਾਰ ਘਟਨਾ ਵਾਲੇ ਦਿਨ ਮੁਲਜ਼ਮ ਹਰਵਿੰਦਰ ਸਿੰਘ ਦੇ ਘਰ ਨੇੜੇ ਪਹੁੰਚੇ ਤੇ ਫਾਇਰਿੰਗ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਰਵਿੰਦਰ ਸਿੰਘ ਦੇ ਇੱਕ ਗੋਲੀ ਜਬਾੜੇ ’ਤੇ ਤੇ ਦੂਜੀ ਉਸ ਦੇ ਨੱਕ ’ਤੇ ਲੱਗੀ। ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਮਾਨਸਾ ਪੁਲਿਸ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਵਚਨਬੱਧ ਹੈ ਤੇ ਪੁਲਿਸ ਦੀ ਤਤਪਰਤਾ ਤੇ ਅਪਰਾਧ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਇਸ ਕਾਰਵਾਈ ਤੋਂ ਸਪੱਸ਼ਟ ਹੁੰਦੀ ਹੈ।