ਖਿਆਲਾ ਕਲਾਂ ਵਿਖੇ ਬਣ ਸਕਦੈ ਅਧੁਨਿਕ ਟਰੋਮਾ ਸੈਂਟਰ ਮਾਨਸਾ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਮਾਮਲਾ ਵਿਧਾਨ ਸਭਾ ‘ਚ ਉੱਠਣ ਦੀ ਉਮੀਦ - ਕਮੇਟੀ, ਵੱਡੀ ਗਿਣਤੀ ਪੰਚਾਇਤਾਂ ਨੇ ਮਤੇ ਪਾ ਕੇ ਕੀਤੀ ਮੰਗ
Publish Date: Sat, 01 Aug 2026 04:36 PM (IST)
Updated Date: Sat, 01 Aug 2026 04:37 PM (IST)
ਮਾਨਸਾ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਮਾਮਲਾ ਵਿਧਾਨ ਸਭਾ ‘ਚ ਉੱਠਣ ਦੀ ਉਮੀਦ - ਕਮੇਟੀ, ਵੱਡੀ ਗਿਣਤੀ ਪੰਚਾਇਤਾਂ ਨੇ ਮਤੇ ਪਾ ਕੇ ਕੀਤੀ ਮੰਗ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਿਹਤ ਸਹੂਲਤਾਂ ’ਚ ਬੁਰੀ ਤਰ੍ਹਾਂ ਪੱਛੜੇ ਜ਼ਿਲ੍ਹਾ ਮਾਨਸਾ ਨੂੰ ਜਲਦੀ ਵਿੱਚ ਹੀ ਅਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਟਰੌਮਾ ਸੈਂਟਰ ਮਿਲਣ ਦੀ ਆਸ ਬੱਝੀ ਹੈ। ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਟਰੌਮਾ ਸੈਂਟਰ ’ਚ ਪਦ ਉੱਨਤ ਕਰਨ ਲਈ ਪਿਛਲੇ ਦੋ ਮਹੀਨੇ ਤੋਂ ਸੰਘਰਸ਼ ਕਰ ਰਹੀ ਕਮੇਟੀ ਦੇ ਆਗੂ ਡਾਕਟਰ ਬਿੱਕਰ ਸਿੰਘ ਖਿਆਲਾ, ਹੰਸ ਰਾਜ ਮੋਫ਼ਰ ਅਤੇ ਡਾਕਟਰ ਕੇਵਲ ਸਿੰਘ ਸਰਾਂ ਦੇ ਦੱਸਿਆ ਕਿ ਜਦੋਂ ਉਹ ਮੰਗ ਪੱਤਰ ਲੈ ਕੇ ਵਿਧਾਇਕ ਵਿਜੈ ਸਿੰਗਲਾ, ਪ੍ਰਿੰਸੀਪਲ ਬੁੱਧ ਰਾਮ ਅਤੇ ਗੁਰਪ੍ਰੀਤ ਸਿੰਘ ਬਣਾਵਾਲੀ ਕੋਲ ਗਏ ਤਾਂ ਉਨ੍ਹਾਂ ਪੂਰੀ ਸ਼ਿੱਦਤ ਨਾਲ ਇਸ ਮੰਗ ਦਾ ਸਮਰਥਨ ਕੀਤਾ। ਨਾਲ ਹੀ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਹ ਲੱਖਾਂ ਲੋਕਾਂ ਦੀ ਇਸ ਜਾਇਜ਼ ਤੇ ਅਤਿ ਜ਼ਰੂਰੀ ਮੰਗ ਨੂੰ ਵਿਧਾਨ ਸਭਾ ’ਚ ਚੁੱਕਣਗੇ। ਆਗੂਆਂ ਧੰਨਾ ਮੱਲ ਗੋਇਲ, ਸੁੱਖੀ ਖਿਆਲਾ ਤੇ ਮਾਸਟਰ ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 70 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਹਸਪਤਾਲ ਨੂੰ ਟਰੌਮਾ ਸੈਂਟਰ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ 55 ਪਿੰਡਾਂ ਦੇ ਲੋਕਾਂ ਨੇ ਪਿੰਡ ਪੱਧਰ ‘ਤੇ ਭਰਵੇਂ ਇਕੱਠ ਕਰਕੇ ਜਿਲ੍ਹਾ ਨਿਵਾਸੀਆਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਦੱਸਣਾ ਬਣਦਾ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਕੋਈ ਚੰਗਾ ਸਰਕਾਰੀ ਹਸਪਤਾਲ ਨਾ ਹੋਣ ਕਰਕੇ ਨੱਬੇ ਫੀਸਦੀ ਮਰੀਜ਼ਾਂ ਨੂੰ ਪਟਿਆਲਾ ਜਾਂ ਲੁਧਿਆਣਾ ਲਈ ਰੈਫ਼ਰ ਕੀਤਾ ਜਾਂਦਾ ਹੈ। ਅੱਜ ਹੋਈ ਹਫਤਾਵਾਰੀ ਮੀਟਿੰਗ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਮੌਕੇ ‘ਤੇ ਲੋੜੀਂਦੀਆਂ ਸਿਹਤ ਸਹੂਲਤਾਂ ਨਾ ਮਿਲਣ ਕਰਕੇ ਹੁਣ ਤੱਕ ਸੈਂਕੜੇ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਬਣ ਚੁੱਕੇ ਹਨ। ਇਸ ਮੌਕੇ ਉਲੰਪੀਅਨ ਸਵਰਨ ਸਿੰਘ ਵਿਰਕ, ਖੂਨਦਾਨੀ ਗੁਰਪ੍ਰੀਤ ਸਿੰਘ ਭੰਮਾ , ਐਡਵੋਕੇਟ ਲਖਵਿੰਦਰ ਲਖਨਪਾਲ ਅਤੇ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਜਗਰੂਪ ਸਿੰਘ ਭਾਰਤੀ ਨੇ ਕਿਹਾ ਕਿ ਭੋਜਨ ਬਾਅਦ ਸਿਹਤ ਸਹੂਲਤਾਂ ਮਨੁੱਖ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਹਸਪਤਾਲ ਉਹ ਹੀ ਚੰਗਾ ਹੁੰਦਾ ਹੈ, ਜਿੱਥੇ ਪਹੁੰਚ ਸੌਖੀ ਹੋਵੇ। ਪਹੁੰਚ ਅਤੇ ਖੁੱਲ੍ਹੀ ਥਾਂ ਦੇ ਮਾਮਲੇ ਵਿੱਚ ਖਿਆਲਾ ਕਲਾਂ ਦਾ ਹਸਪਤਾਲ ਸਭ ਤੋਂ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕੇ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਦੇ ਪਿੰਡਾਂ ਨੂੰ ਸਿਹਤ ਸਹੂਲਤਾਂ ਦੇ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਬਲਵੀਰ ਸਿੰਘ ਭੁਪਾਲ , ਰਾਜਵਿੰਦਰ ਸਿੰਘ, ਕਰਮ ਸਿੰਘ ਮੈਂਬਰ ਬਲਾਕ ਸੰਮਤੀ, ਸਰਪੰਚ ਅਵਤਾਰ ਸਿੰਘ, ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਜਗਸੀਰ ਸਿੰਘ ਸਮੇਤ ਵੱਡੀ ਗਿਣਤੀ ਲੋਕਾਂ ਨੇ ਸਮੂਲੀਅਤ ਕੀਤੀ।