ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚ ਮਾਨਸਾ ਦੀ ਕ੍ਰੀਮੀ ਗਰਗ ਨੇ ਮਾਰੀ ਬਾਜ਼ੀ, ਸੂਬੇ ’ਚੋਂ ਹਾਸਲ ਕੀਤਾ ਚੌਥਾ ਰੈਂਕ; ਭਰਾ ਦਾ ਵਿਆਹ ਸਿਰਫ਼ ਇੱਕ ਦਿਨ ਕੀਤਾ ਅਟੈਂਡ
ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਕ੍ਰੀਮੀ ਗਰਗ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਦਾਦਾ ਸਤਪਾਲ ਅਕਲੀਆ ਵਾਲੇ ਅਤੇ ਪਿਤਾ ਰਾਜਕੁਮਾਰ ਦੇ ਘਰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਕ੍ਰੀਮੀ ਗਰਗ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ-ਨਾਲ ਉਸ ਨੂੰ ਵਧਾਈ ਦਿੱਤੀ ਗਈ।
Publish Date: Sat, 10 Oct 2026 12:52 PM (IST)
Updated Date: Sat, 10 Oct 2026 01:03 PM (IST)
ਪਰਵਿੰਦਰ ਬਰਾੜ, ਜਾਗਰਣ, ਮਾਨਸਾ। ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਆਏ ਨਤੀਜਿਆਂ ’ਚ ਮਾਨਸਾ ਦੀ ਪ੍ਰਤਿਭਾਵਾਨ ਧੀ ਕ੍ਰੀਮੀ ਗਰਗ ਨੇ ਸੂਬੇ ’ਚੋਂ ਚੌਥਾ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰੀਮੀ ਗਰਗ ਹਰਿਆਣਾ ਸਿਵਲ ਪ੍ਰੀਖਿਆ ਵਿੱਚ ਟਾਪ 10 ਵਿੱਚ ਸ਼ਾਮਲ ਹੋਣ ਵਾਲੀਆਂ ਛੇ ਮਹਿਲਾ ਉਮੀਦਵਾਰਾਂ ਵਿੱਚੋਂ ਇੱਕ ਹੈ।
ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਕ੍ਰੀਮੀ ਗਰਗ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਦਾਦਾ ਸਤਪਾਲ ਅਕਲੀਆ ਵਾਲੇ ਅਤੇ ਪਿਤਾ ਰਾਜਕੁਮਾਰ ਦੇ ਘਰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਕ੍ਰੀਮੀ ਗਰਗ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ-ਨਾਲ ਉਸ ਨੂੰ ਵਧਾਈ ਦਿੱਤੀ ਗਈ।
ਕ੍ਰੀਮੀ ਗਰਗ ਹੁਣ ਹਰਿਆਣਾ ’ਚ ਬਤੌਰ ਐੱਸ.ਡੀ.ਐੱਮ. (SDM) ਆਪਣੀਆਂ ਸੇਵਾਵਾਂ ਦੇਵੇਗੀ, ਜਦਕਿ ਉਸ ਦਾ ਟੀਚਾ ਆਈ.ਏ.ਐੱਸ. (IAS) ਅਫ਼ਸਰ ਬਣਨਾ ਹੈ। ਕ੍ਰੀਮੀ ਨੇ ਦੱਸਿਆ ਕਿ ਉਸ ਨੇ ਹਰਿਆਣਾ ਸਿਵਲ ਪ੍ਰੀਖਿਆ ਲਈ 3 ਸਾਲ ਤੱਕ ਲਗਾਤਾਰ ਰੋਜ਼ਾਨਾ 6 ਤੋਂ 7 ਘੰਟੇ ਸਖ਼ਤ ਮਿਹਨਤ ਕੀਤੀ ਹੈ, ਜਿਸ ਵਿੱਚ ਉਸ ਨੂੰ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਮਿਲਿਆ ਹੈ। ਕ੍ਰੀਮੀ ਦੀ ਮੁੱਢਲੀ ਸਿੱਖਿਆ ਸ਼ਹਿਰ ਦੇ ਡੀ.ਏ.ਵੀ. ਸਕੂਲ ਤੋਂ ਸ਼ੁਰੂ ਹੋਈ ਹੈ।
ਪਲੱਸ ਟੂ ਦੀ ਸਿੱਖਿਆ ਉਸ ਨੇ ਐੱਸ.ਡੀ. ਕਾਲਜ ਚੰਡੀਗੜ੍ਹ ਤੋਂ ਕੀਤੀ ਅਤੇ ਬੀ.ਏ. ਅਰਥ ਸ਼ਾਸਤਰ ਦੀ ਸਿੱਖਿਆ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਪੂਰੀ ਕਰਨ ਤੋਂ ਬਾਅਦ ਆਪਣੇ ਘਰ ’ਚ ਹੀ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਹਰਿਆਣਾ ਸਿਵਲ ਪ੍ਰੀਖਿਆ ਦੀ ਤਿਆਰੀ ਕੀਤੀ। ਕ੍ਰੀਮੀ ਗਰਗ ਦਾ ਕਹਿਣਾ ਹੈ ਕਿ ਉਸ ਦਾ ਪਹਿਲਾ ਟੀਚਾ ਬਤੌਰ ਅਫ਼ਸਰ ਨਿਰਪੱਖ ਹੋ ਕੇ ਲੋਕਾਂ ਨੂੰ ਇਨਸਾਫ਼ ਦੇਣਾ ਹੋਵੇਗਾ।
ਸ਼ਹਿਰ ਦੇ ਵਾਰਡ ਨੰਬਰ 10 ਦੇ ਸ਼ਕਤੀ ਨਗਰ ਨਿਵਾਸੀ ਕ੍ਰੀਮੀ ਗਰਗ ਦੇ ਕਾਰੋਬਾਰੀ ਪਿਤਾ ਰਾਜ ਕੁਮਾਰ ਅਤੇ ਹਾਊਸ ਵਾਈਫ਼ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਕ੍ਰੀਮੀ ਤੋਂ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਪੜ੍ਹਾਈ ਕਰਦੇ ਸਮੇਂ ਕੋਈ ਕੰਮ ਨਹੀਂ ਲਿਆ ਜਾਂਦਾ ਸੀ ਸਗੋਂ ਉਸ ਨੂੰ ਮੇਜ਼ 'ਤੇ ਹੀ ਸਭ ਕੁਝ ਮੁਹੱਈਆ ਕਰਵਾਇਆ ਜਾਂਦਾ ਸੀ।
ਪੜ੍ਹਾਈ ’ਚ ਡੂੰਘੀ ਦਿਲਚਸਪੀ ਹੋਣ ਕਾਰਨ ਕ੍ਰੀਮੀ ਨੇ ਆਪਣੇ ਭਰਾ ਦੇ ਵਿਆਹ ਦਾ ਸਮਾਗਮ ਸਿਰਫ਼ ਇੱਕ ਦਿਨ ਹੀ ਅਟੈਂਡ ਕੀਤਾ। ਉਨ੍ਹਾਂ ਦੱਸਿਆ ਕਿ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ 8 ਅਕਤੂਬਰ ਨੂੰ ਇੰਟਰਨੈੱਟ 'ਤੇ ਐਲਾਨ ਹੋਣ ਸਮੇਂ ਕ੍ਰੀਮੀ ਜਿਮ ਗਈ ਹੋਈ ਸੀ, ਜਿਸ ਨੇ ਘਰ ਪਹੁੰਚ ਕੇ ਇਹ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਧੀ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਇਸ ਪ੍ਰੀਖਿਆ ਵਿੱਚ ਰੈਂਕ ਹਾਸਲ ਕਰਨ ਦਾ ਉਨ੍ਹਾਂ ਨੂੰ ਪੂਰਾ ਯਕੀਨ ਸੀ ਅਤੇ ਅੱਜ ਧੀ ਨੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਕ੍ਰੀਮੀ ਦੇ ਚਾਚਾ ਸਮਾਜ ਸੇਵੀ ਸੁਰੇਸ਼ ਕਰੋੜੀ ਨੇ ਦੱਸਿਆ ਕਿ ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਰੈਂਕ ਹਾਸਲ ਕਰਨਾ ਕ੍ਰੀਮੀ ਦੀ ਮਿਹਨਤ ਨੂੰ ਸਲਾਮ ਹੈ, ਜਿਸ ਨੇ ਆਪਣੇ ਸਾਰੇ ਸ਼ੌਕ ਛੱਡ ਕੇ ਲਗਾਤਾਰ ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕੀਤੀ ਅਤੇ ਫਿਰ ਇਸ ਮੁਕਾਮ ਨੂੰ ਹਾਸਲ ਕੀਤਾ। ਕ੍ਰੀਮੀ ਗਰਗ ਦੀ ਇਸ ਕਾਮਯਾਬੀ 'ਤੇ ਵਿਧਾਇਕ ਡਾ. ਵਿਜੇ ਸਿੰਗਲਾ, ਵਾਰਡ ਕੌਂਸਲਰ ਅਤੇ ਨਗਰ ਕੌਂਸਲ ਪ੍ਰਧਾਨ ਭੂਸ਼ਣ ਮੱਤੀ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਬੱਚੇ ਸਮੇਂ ਦੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।