- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਸਾਬਕਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਡਾ. ਵਿਜੇ ਸਿੰਗਲਾ ਦੀ ਨਿੰਦਾ ਕਰਦਿਆਂ ਕਿਹਾ ਕਿ ਮਾਨਸਾ ਵਿੱਚ ਚੱਲ ਰਹੇ ਵਿਕਾਸੀ ਪ੍ਰੋਜੈਕਟਾਂ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਸਨ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਸਾਰੇ ਕੰਮ 31 ਮਾਰਚ ਤੱਕ ਮੁਕੰਮਲ ਹੋ ਜਾਣਗੇ। ਪਰ ਅੱਜ ਤੱਕ ਇੱਕ ਵੀ ਪ੍ਰੋਜੈਕਟ ਪੂਰਾ ਨਹੀਂ ਹੋਇਆ। ਮਾਨਸਾ ਸ਼ਹਿਰ ਦੀਆਂ ਸੜਕਾਂ, ਖ਼ਾਸ ਕਰਕੇ ਐਂਟਰੀ ਰੋਡਾਂ ਦੀ ਹਾਲਤ ਬਹੁਤ ਖ਼ਸਤਾ ਬਣੀ ਹੋਈ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇੰਨ੍ਹਾਂ ਪ੍ਰੋਜੈਕਟਾਂ ਲਈ ਫ਼ੰਡ ਪੰਜਾਬ ਸਰਕਾਰ ਆਪਣੇ ਸਰੋਤਾਂ ਤੋਂ ਨਹੀਂ ਦੇ ਰਹੀ, ਸਗੋਂ ਕੇਂਦਰ ਸਰਕਾਰ ਦੀ ਐੱਸਏਐੱਸਸੀਆਈ ਸਕੀਮ ਤਹਿਤ ਲਏ ਜਾ ਰਹੇ ਹਨ। ਇਸ ਸਕੀਮ ਅਧੀਨ ਕੇਂਦਰ ਸਰਕਾਰ ਸੂਬਿਆਂ ਨੂੰ 50 ਸਾਲ ਲਈ ਬਿਨ੍ਹਾਂ ਵਿਆਜ ਦੇ ਕਰਜ਼ਾ ਪ੍ਰਦਾਨ ਕਰਦੀ ਹੈ, ਜੋ ਕਿ ਸੜਕਾਂ, ਹਸਪਤਾਲਾਂ, ਸਕੂਲਾਂ ਅਤੇ ਫ਼ਲਾਈਓਵਰ ਵਰਗੇ ਢਾਂਚਾਗਤ ਵਿਕਾਸ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਗ੍ਰਾਂਟ ਨਹੀਂ ਹੈ, ਸਗੋਂ ਕਰਜ਼ਾ ਹੈ ਜਿਸਨੂੰ ਆਖ਼ਿਰਕਾਰ ਰਾਜ ਨੂੰ ਵਾਪਸ ਕਰਨਾ ਪਵੇਗਾ। ਗੰਭੀਰ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਲਗਭਗ ਭਾਰੀ ਕਰਜ਼ੇ ਹੇਠ ਦਬਿਆ ਹੋਇਆ ਹੈ। ਇਸ ਹਾਲਤ ਵਿੱਚ ਸੂਬਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦੋਂਕਿ ਉਹ ਕਰਜ਼ੇ ਨਾਲ ਚੱਲ ਰਹੇ ਪ੍ਰੋਜੈਕਟਾਂ ਦਾ ਸਿਹਰਾ ਲੈ ਰਹੀ ਹੈ ਤੇ ਉਨ੍ਹਾਂ ਨੂੰ ਢੰਗ ਨਾਲ ਪੂਰਾ ਕਰਨ ਵਿੱਚ ਵੀ ਨਾਕਾਮ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੜਕਾਂ ਦੇ ਕੰਮ ਵਿੱਚ ਵੱਡੇ ਪੱਧਰ ’ਤੇ ਗੜਬੜ ਹੋ ਰਹੀ ਹੈ ਤੇ ਠੇਕੇਦਾਰਾਂ ਵੱਲੋਂ ਕੰਮ ਅਧੂਰਾ ਅਤੇ ਘਟੀਆ ਮਿਆਰ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਨਸਾ ਸ਼ਹਿਰ ਦੇ ਸੀਵਰੇਜ਼ ਪਾਈਪਲਾਈਨ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ, ਜਿਸਦਾ ਨੀਂਹ ਪੱਥਰ ਤਕਰੀਬਨ ਨੌਂ ਮਹੀਨੇ ਪਹਿਲਾਂ ਰੱਖਿਆ ਗਿਆ ਸੀ। ਪਰ ਅੱਜ ਤੱਕ ਇਹ ਪ੍ਰੋਜੈਕਟ ਅਧੂਰਾ ਹੈ ਅਤੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜੋ ਕਿ ਪ੍ਰਸ਼ਾਸਨ ਦੀ ਨਾਕਾਮੀ ਤੇ ਗੈਰ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਗੁਰਪ੍ਰੀਤ ਸਿੰਘ ਵਿਕੀ ਨੇ ਦੋਸ਼ ਲਗਾਇਆ ਕਿ ਵਿਧਾਇਕ ਡਾ. ਵਿਜੇ ਸਿੰਗਲਾ ਸਿਰਫ਼ ਲੋਕਾਂ ਦੀ ਵਾਹ-ਵਾਹ ਲੈਣ ਲਈ ਜਲਦੀ-ਜਲਦੀ ਨੀਂਹ ਪੱਥਰ ਰੱਖ ਰਹੇ ਹਨ ਅਤੇ ਵਿਕਾਸ ਦੇ ਝੂਠੇ ਦਾਅਵੇ ਕਰ ਰਹੇ ਹਨ, ਉਨ੍ਹਾਂ ਕੇਂਦਰ ਸਰਕਾਰ ’ਤੇ ਵੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੰਜਾਬ ਨਾਲ ਫੰਡ ਜਾਰੀ ਕਰਨ ਵਿੱਚ ਭੇਦਭਾਵ ਕੀਤਾ ਜਾ ਰਿਹਾ ਹੈ, ਜਦਕਿ ਭਾਜਪਾ ਸ਼ਾਸਿਤ ਰਾਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਭਾਜਪਾ ਤੇ ‘ਆਪ’ ਦੋਵਾਂ ਨੂੰ ਲੋਕਾਂ ਦੀ ਭਲਾਈ ਦੀ ਬਜਾਏ ਸਿਆਸੀ ਰਾਜਨੀਤੀ ਕਰਨ ਲਈ ਆਲੋਚਨਾ ਕੀਤੀ। ਇਸ ਮੌਕੇ ਸਤੀਸ਼ ਮਹਿਤਾ, ਗੁਰਦੀਪ ਦੀਪਾ ਸਾਬਕਾ ਐਮ ਸੀ, ਰਾਮ ਸਿੰਘ, ਗੁਰਨਾਮ ਸਿੰਘ, ਸ਼ਿੰਗਾਰਾ ਸਿੰਘ, ਅਰਸ਼ਿੰਦਰ ਅਰਸ਼ੀ, ਚਰਨਪਾਲ ਢੱਡਾ, ਮੇਜਰ ਮਾਨ, ਮਨਦੀਪ ਚਹਿਲ, ਸਰਬਜੀਤ ਭੀਮਾ, ਜੱਸੀ ਮਾਨ, ਬਿੰਦਰ ਮਾਨਸਾ ਮੌਜੂਦ ਸਨ।