ਸੜਕ ਕੰਢੇ ਲੱਗਦੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
ਮਾਨਸਾ ਸ਼ਹਿਰ ਵਿੱਚ
Publish Date: Mon, 16 Feb 2026 07:51 PM (IST)
Updated Date: Tue, 17 Feb 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ’ਚ ਅਲੱਗ-ਅਲੱਗ ਥਾਵਾਂ ’ਤੇ ਬਣਾਏ ਸੜਕਾਂ ਉਪਰ ਕੂੜੇ ਡੰਪਾਂ ’ਤੇ ਲੱਗਦੇ ਕੂੜੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ ਹਨ। ਉੂਥੋਂ ਦੀ ਲੰਘਣ ਵਾਲੇ ਲੋਕਾਂ ਲਈ ਇਹ ਦਿੱਕਤ ਖੜ੍ਹੀ ਕਰ ਰਹੇ ਹਨ ਕਿਉਂਕਿ ਇੰਨ੍ਹਾਂ ਕੂੜੇ ਡੰਪਾਂ ਕੋਲੋਂ ਲੰਘਣ ਸਮੇਂ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਇਕ ਪਾਸੇ ਇਹ ਕੂੜੇ ਦੇ ਢੇਰ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੇ ਹਨ, ਜਦੋਂਕਿ ਦੂਜੇ ਪਾਸੇ ਇੱਥੇ ਇਕੱਠੇ ਹੁੰਦੇ ਪਸ਼ੂ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਇਨ੍ਹਾਂ ਕੂੜੇ ਦੇ ਢੇਰਾਂ ’ਤੇ ਇਕੱਠੇ ਹੋ ਜਾਂਦੇ ਹਨ ਤੇ ਉਹ ਇਸ ਕੂੜੇ ਨੂੰ ਸੜਕ ’ਤੇ ਖ਼ਿਲਾਰ ਦਿੰਦੇ ਹਨ। ਰੇਲਵੇ ਦੇ ਨਜ਼ਦੀਕ ਜਾਂਦੀ ਵਨ ਵੇ ਰੋਡ, ਰਾਮਬਾਗ ਦੇ ਨਾਲ ਤੇ ਕੁੱਝ ਸਕੂਲਾਂ ਦੇ ਕੋਲ ਵੀ ਅਜਿਹੇ ਕੂੜੇ ਡੰਪ ਬਣੇ ਹੋਏ ਹਨ। ਉਥੇ ਕੂੜਾ ਇਕੱਠਾ ਹੋ ਜਾਂਦਾ ਹੈ, ਪਰ ਉਹ ਕੁੱਝ ਦਿਨ ਚੁੱਕਿਆ ਨਹੀਂ ਜਾਂਦਾ। ਇੱਥੋਂ ਦੀ ਲੰਘਣ ਵਾਲੇ ਵਿਦਿਆਰਥੀਆਂ ਨੂੰ ਵੀ ਦਿੱਕਤ ਆਉਂਦੀ ਹੈ। ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਕੂੜੇ ਦੇ ਢੇਰ ਲਗਾਤਾਰ ਆਮ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦੇ ਹਨ। ਇਸ ਲਈ ਕੋਈ ਸਾਰਥਕ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਵਿਜੇ ਕੁਮਾਰ ਨੇ ਕਿਹਾ ਕਿ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੂੜੇ ਦੇ ਢੇਰ ਲੱਗਦੇ ਹਨ ਅਤੇ ਪਸ਼ੂ ਇੰਨ੍ਹਾਂ ਨੂੰ ਖਿਲਾਰ ਦਿੰਦੇ ਹਨ। ਉਹ ਕੂੜਾ ਸੜਕ ’ਤੇ ਖਿਲਰ ਜਾਂਦਾ ਹੈ ਤਾਂ ਆਵਾਜਾਈ ’ਚ ਵਿਘਨ ਪੈਂਦਾ ਹੈ। ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ।