ਖੁਆਜ਼ਾ ਪੀਰ ਦੀ ਥਾਂ ਢਾਹੁਣ ਗਏ ਨਗਰ ਕੌਂਸਲ ਅਧਿਕਾਰੀਆਂ ਦਾ ਕੀਤਾ ਵਿਰੋਧ
ਮਾਨਸਾ ਦੇ ਚੁਗਲੀ ਘਰ
Publish Date: Mon, 16 Feb 2026 08:12 PM (IST)
Updated Date: Tue, 17 Feb 2026 04:10 AM (IST)

-ਇਸ ਥਾਂ ਨਾਲ ਲੋਕਾਂ ਦੀ ਆਸਥਾ ਜੁੜ਼ੀ ਹੋਣ ਕਾਰਨ ਨਹੀਂ ਢਾਹੁਣ ਦਿਆਂਗੇ ਉਕਤ ਥਾਂ : ਧਰਨਾਕਾਰੀ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਚੁਗਲੀ ਘਰ ਚੌਂਕ ‘ਚ ਅੱਜ ਉਸ ਸਮੇਂ ਲੋਕਾਂ ਨੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਰੋਸ ਜਤਾਉਣਾ ਸ਼ੁਰੂ ਕਰ ਦਿੱਤਾ, ਜਦ ਨਗਰ ਕੌਂਸਲ ਅਧਿਕਾਰੀ ਪੁਰਾਣੇ ਖੂਹ ’ਤੇ ਬਣੇ ਖੁਆਜ਼ਾ ਪੀਰ ਦੀ ਜਗ੍ਹਾ ਨੂੰ ਢਾਹੁਣ ਚਲੇ ਗਏ। ਇਸ ਦੌਰਾਨ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਤੇ ਧਰਨਾ ਦੇ ਰਹੇ ਲੋਕਾਂ ਨੇ ਇਸ ਜਗ੍ਹਾ ਪ੍ਰਤੀ ਲੋਕਾਂ ਦੀ ਆਸਥਾ ਜੁੜੀ ਹੋਣ ਦੀ ਗੱਲ ਕਹੀ। ਮਾਨਸਾ ਦੇ ਰਹਿਣ ਵਾਲੇ ਧਰਨਾ ਦੇ ਰਹੇ ਬਿੱਟੂ ਨੇ ਕਿਹਾ ਕਿ ਚੁਗਲੀ ਘਰ ਖੂਹ ’ਤੇ ਖੁਆਜ਼ਾ ਪੀਰ ਦੀ ਥਾਂ ਬਣੀ ਹੋਈ ਹੈ ਤੇ ਅੱਜ ਇਹ ਅਧਿਕਾਰੀ ਇਸ ਨੂੰ ਨਾਜਾਇਜ਼ ਕਬਜ਼ਾ ਕਹਿੰਦੇ ਹੋਏ ਢਾਹੁਣ ਆ ਗਏ। ਜਦ ਇੱਥੇ ਲੋਕ ਬੈਠਦੇ ਸਨ। ਤਦ ਇਹ ਮੁੱਦਾ ਉਠਾਇਆ ਨਹੀਂ ਗਿਆ। ਹੁਣ ਜਦ ਇੱਥੇ ਪੀਰ ਦੀ ਥਾਂ ਬਣ ਗਈ, ਤਦ ਇਹ ਮੁੱਦਾ ਚੁੱਕ ਰਹੇ ਹਨ। ਇਹ ਢਾਹੁਣ ਨਹੀਂ ਦਿੱਤਾ ਜਾਵੇਗਾ ਭਾਵੇਂ ਇਸ ਲਈ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ। ਹੋਰ ਲੋਕਾਂ ਨੇ ਧਰਨੇ ਦੌਰਾਨ ਕਿਹਾ ਕਿ ਕਮੇਟੀ ਵਿੱਚ ਪਹਿਲਾਂ ਇਹ ਮਸਲਾ ਲਿਆਂਦਾ ਸੀ ਤੇ ਇਸ ਨੂੰ ਢਾਹੁਣ ਦੀ ਗੱਲ ਕੀਤੀ ਸੀ। ਪਰ ਕੌਂਸਲਰਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। ਪਹਿਲਾਂ ਇੱਥੇ ਪੁਰਾਣਾ ਖੂਹ ਸੀ। ਸਾਲ 2017 ‘ਚ ਬਹੁਤ ਜ਼ਿਆਦਾ ਮੀਂਹ ਆਏ ਤੇ ਪਾਣੀ ਸੜਕਾਂ ’ਤੇ ਬਹੁਤ ਜ਼ਿਆਦਾ ਜਮ੍ਹਾਂ ਹੋ ਗਿਆ ਸੀ। ਪਰ ਇਸ ਖੂਹ ਕਾਰਨ ਸਾਰਾ ਪਾਣੀ ਉਸ ’ਚ ਚਲਿਆ ਗਿਆ, ਜਿਸ ਕਾਰਨ ਲੋਕਾਂ ਦਾ ਹੋਰ ਨੁਕਸਾਨ ਹੋਣੋਂ ਬਚ ਗਿਆ। ਫ਼ਿਰ ਇੱਥੇ ਖੁਆਜ਼ਾ ਪੀਰ ਦੀ ਮੂਰਤੀ ਸਥਾਪਤ ਕੀਤੀ ਅਤੇ ਲੋਕਾਂ ਦੀ ਇਸ ’ਚ ਆਸਥਾ ਹੈ। ਇਹ ਇਕ ਪਾਸੇ ਹੈ। ਵਧੀਆ ਬਣਿਆ ਹੋਇਆ ਤੇ ਸੋਹਣਾ ਲੱਗਦਾ। ਇਸ ਨਾਲ ਕੋਈ ਟ੍ਰੈਫ਼ਿਕ ਦੀ ਸਮੱਸਿਆ ਆਉਂਦੀ ਹੈ ਜਾਂ ਵਿਚਾਲੇ ਹੋਵੇ ਤਾਂ ਇਸ ਨੂੰ ਢਾਹ ਦਿਉ। ਇਹ ਇਕ ਪਾਸੇ ਫ਼ਿਰ ਕਿਉਂ ਢਾਹਿਆ ਜਾ ਰਿਹਾ। ਨਗਰ ਕੌਂਸਲ ਦੇ ਕੁਲਦੀਪ ਸਿੰਘ ਐਗਜ਼ੀਕਿਊਟਿਵ ਅਫ਼ਸਰ ਮਾਨਸਾ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ’ਤੇ ਇਹ ਢਾਹੁਣ ਲਈ ਆਏ ਸਨ। ਇਸ ਦੌਰਾਨ ਡਿਊਟੀ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਅਤੇ ਸਮੂਹ ਟੀਮ ਵੀ ਮੌਜੂਦ ਸੀ ਪਰ ਵੱਡੀ ਗਿਣਤੀ ’ਚ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ। ਧਰਨਾਕਾਰੀਆਂ ਨੇ ਕਿਹਾ ਕਿ ਇਹ ਕਬਜ਼ਾ ਨਹੀਂ ਹਟਾਉਣ ਦਿਆਂਗੇ। ਨਗਰ ਕੌਂਸਲ ਅਧਿਕਾਰੀ ਨੇ ਦੱਸਿਆ ਕਿ ਉਹ ਹਾਈਕੋਰਟ ਦੇ ਆਦੇਸ਼ਾਂ ਦੀ ਹੀ ਪਾਲਣਾ ਕਰਨ ਲਈ ਆਏ ਹਨ।