ਮਾਵਾਂ ਨੇ ਕੀਤੀ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ
ਮਾਵਾਂ ਵੱਲੋਂ ਆਪਣੇ ਬੱਚਿਆਂ
Publish Date: Sun, 01 Nov 2026 06:22 PM (IST)
Updated Date: Sun, 01 Nov 2026 06:23 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਵਾਂ ਵੱਲੋਂ ਆਪਣੇ ਬੱਚਿਆਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਲਈ ਝੱਕਰੀਆਂ ਦਾ ਵਰਤ ਸ਼ਰਧਾ ਅਤੇ ਭਾਵਨਾ ਨਾਲ ਰੱਖਿਆ ਗਿਆ। ਇਸ ਵਰਤ ਨੂੰ ਅਹੋਈ ਅਸ਼ਟਮੀ ਜਾਂ ਝੱਕਰੀਆਂ ਦਾ ਵਰਤ ਵੀ ਕਿਹਾ ਜਾਂਦਾ ਹੈ। ਇਹ ਵਰਤ ਕਰਵਾ ਚੌਥ ਤੋਂ ਤਿੰਨ ਦਿਨ ਬਾਅਦ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਰੱਖਿਆ ਜਾਂਦਾ ਹੈ, ਜੋ ਆਮ ਤੌਰ ’ਤੇ ਅਕਤੂਬਰ ਜਾਂ ਨਵੰਬਰ ਮਹੀਨੇ ਵਿਚ ਆਉਂਦੀ ਹੈ। ਮਾਵਾਂ ਵੱਲੋਂ ਸਾਰਾ ਦਿਨ ਨਿਰਜਲਾ, ਭਾਵ ਬਿਨਾਂ ਪਾਣੀ ਪੀਤੇ, ਵਰਤ ਰੱਖਿਆ ਜਾਂਦਾ ਹੈ। ਪੂਜਾ ਦੌਰਾਨ ਬੱਚਿਆਂ ਦੀ ਗਿਣਤੀ ਅਨੁਸਾਰ ਮਿੱਟੀ ਦੀਆਂ ਛੋਟੀਆਂ ਝੱਕਰੀਆਂ ਜਾਂ ਘੜੇ ਭਰੇ ਜਾਂਦੇ ਹਨ। ਹਰ ਝੱਕਰੀ ਅਤੇ ਉਸ ਦੀ ਠੂਠੀ (ਢੱਕਣ) ’ਤੇ ਤੇਲ ਵਿੱਚ ਪਕਾਈਆਂ ਮੱਠੀਆਂ, ਗੁਲਗੁਲੇ, ਪੂੜੀਆਂ, ਕਸਾਰ ਤੇ ਫਲ ਆਦਿ ਰੱਖੇ ਜਾਂਦੇ ਹਨ। ਇਸ ਤੋਂ ਬਾਅਦ ਮਾਤਾ ਅਹੋਈ ਦੀ ਕਥਾ ਸੁਣੀ ਜਾਂਦੀ ਹੈ। ਸ਼ਾਮ ਵੇਲੇ ਤਾਰਿਆਂ ਜਾਂ ਚੰਦਰਮਾ ਨੂੰ ਪਾਣੀ, ਚੀਨੀ ਅਤੇ ਚੌਲਾਂ ਨਾਲ ਅਰਘ ਦਿੱਤਾ ਜਾਂਦਾ ਹੈ। ਪੂਜਾ ਉਪਰੰਤ ਮਾਵਾਂ ਆਪਣੇ ਬੱਚਿਆਂ ਨੂੰ ਸ਼ਗਨ ਦਿੰਦੀਆਂ ਹਨ ਤੇ ਉਨ੍ਹਾਂ ਦੀ ਸੁੱਖ-ਸਲਾਮਤੀ ਦੀ ਕਾਮਨਾ ਕਰਦਿਆਂ ਵਰਤ ਖੋਲ੍ਹਦੀਆਂ ਹਨ।