ਪਿੰਡ ਅਨੂਪਗੜ੍ਹ ਨਹਿਰ ‘ਚੋਂ ਦੋ ਲਵਾਰਿਸ ਲਾਸ਼ਾਂ ਬਰਾਮਦ, ਨਹੀਂ ਹੋਈ ਅਜੇ ਸ਼ਨਾਖ਼ਤ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ
Publish Date: Wed, 15 Jul 2026 06:36 PM (IST)
Updated Date: Thu, 16 Jul 2026 04:04 AM (IST)
* ਦੋਵੇਂ ਲਾਸ਼ਾਂ ਨੂੰ 72 ਘੰਟੇ ਸ਼ਨਾਖਤ ਲਈ ਰੱਖਿਆ ਮੋਰਚਰੀ ’ਚ : ਸੰਦੀਪ ਵਰਮਾ ਫ਼ੋਟੋ : 6 ਐਮਏਐਨ ਕੈਪਸ਼ਨ : ਨਹਿਰ ’ਚੋਂ ਮਿਲੀ ਲਾਸ਼ ਨੂੰ ਕੱਢ ਕੇ ਲਿਆਉਂਦੇ ਹੋਏ ਸਹਾਰਾ ਸਮਾਜ ਸੇਵਾ ਦੇ ਪੰਜਾਬ ਦੇ ਵਰਕਰ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਅਨੂਪਗੜ੍ਹ ਨਹਿਰ ’ਚੋਂ ਦੋ ਲਵਾਰਿਸ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਅਜੇ ਸ਼ਨਾਖ਼ਤ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਥਾਣਾ ਜੋਗਾ ਜ਼ਿਲ੍ਹਾ ਮਾਨਸਾ ਤੋਂ ਫ਼ੋਨ ਆਇਆ ਕਿ ਜੋ ਨਹਿਰ ਹਰੀਗੜ੍ਹ ਤੋਂ ਆ ਰਹੀ ਹੈ। ਉਸ ’ਚ ਪਿੰਡ ਅਨੂਪਗੜ੍ਹ ਵਿਖੇ ਬਣੇ ਨਹਿਰ ਦੇ ਪੁਲ ਨਜ਼ਦੀਕ ਨਹਿਰ ’ਚ ਦੋ ਲਵਾਰਸ ਲਾਸ਼ਾਂ ਦਰੱਖਤਾਂ ’ਚ ਫ਼ਸੀਆਂ ਹੋਈਆਂ ਹਨ। ਸਹਾਰਾ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਸ਼ਰਮਾ, ਵਰਕਰ ਜਗਤਾਰ ਸਿੰਘ, ਐਂਬੂਲੈਂਸਾਂ ਲੈ ਕੇ ਘਟਨਾ ਸਥਾਨ ਤੇ ਪਹੁੰਚੇ, ਜਦਕਿ ਉੱਥੇ ਥਾਣਾ ਜੋਗਾ ਦੀ ਪੁਲਿਸ ਪਾਰਟੀ ਮੌਜੂਦ ਸੀ। ਦੋਨੋਂ ਲਾਸ਼ਾਂ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਬਾਹਰ ਕੱਢਿਆ ਗਿਆ। ਉਨ੍ਹਾਂ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਮਰ ਕਰੀਬ 40/45 ਸਾਲ, ਸਰੀਰ ਭਾਰਾ, ਕੱਦ 5 ਫੁੱਟ 7 ਇੰਚ, ਸਿਰ ਤੋਂ ਮੋਨਾ, ਦਾੜੀ ਕੱਟੀ ਹੋਈ, ਦੋਵੇਂ ਅੱਖਾਂ ਖੁੱਲੀਆਂ, ਹਾਫ ਵਾਜੂ ਚਿੱਟਾ ਕੁੜਤਾ ਪਹਿਨਿਆ ਹੋਇਆ, ਪੈਂਟ ਟਾਈਪ ਪਜਾਮਾ, ਚਿੱਟੀ ਬਨੈਣ, ਨੀਲੇ ਰੰਗ ਦਾ ਅੰਡਰਵੀਅਰ। ਲਾਸ਼ ਚਾਰ, ਪੰਜ ਦਿਨ ਪੁਰਾਣੀ ਜਾਪ ਰਹੀ ਹੈ। ਦੂਸਰੀ ਲਾਸ਼ ਦਾ ਹੁਲੀਆ ਉਮਰ ਕਰੀਬ 30/35 ਸਾਲ, ਨਗਨ ਹਾਲਤ ਵਿੱਚ, ਸਿਰ ਤੋਂ ਮੋਨਾ, ਦੋਵੇਂ ਹੱਥ ਝੜੇ ਹੋਏ, ਗੋਡਿਆਂ ਤੋਂ ਥੱਲੇ ਹੱਡੀਆਂ ਨਿਕਲੀਆਂ ਹੋਈਆਂ ਹਨ, ਪੈਰ ਵੀ ਦੋਨੋਂ ਅੱਧੇ ਗਲੇ ਹੋਏ ਹਨ ਅਤੇ ਮੂੰਹ ਵੀ ਗਲਿਆ ਹੋਇਆ ਹੈ। ਇਹ ਲਾਸ਼ 10/12 ਦਿਨ ਪੁਰਾਣੀ ਜਾਪ ਰਹੀ ਹੈ। ਦੋਨੋਂ ਲਾਸ਼ਾਂ ਨੂੰ ਪੁਲਿਸ ਦੀ ਮੌਜੂਦਗੀ ਵਿੱਚ 72 ਘੰਟੇ ਸ਼ਨਾਖਤ ਲਈ ਸਰਕਾਰੀ ਹਸਪਤਾਲ ਮਾਨਸਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਇੰਨ੍ਹਾਂ ਦੋਨੋਂ ਲਾਸ਼ਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਹਾਰਾ ਕੰਟਰੋਲ ਰੂਮ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਪੁਲਿਸ ਕੰਟਰੋਲ ਰੂਮ ਤੇ ਥਾਣਾ ਜੋਗਾ ਨਾਲ ਸੰਪਰਕ ਕਰ ਸਕਦਾ ਹੈ।