‘ਆਪ’ ਨੂੰ ਰਵਾਨਾ ਕਰਨ ’ਤੇ ਹੋਣਗੇ ਨਸ਼ੇ ਖ਼ਤਮ : ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਸਾਬਕਾ ਕੇਂਦਰੀ ਮੰਤਰੀ
Publish Date: Tue, 22 Sep 2026 06:00 PM (IST)
Updated Date: Tue, 22 Sep 2026 06:03 PM (IST)
‘ਆਪ’ ਸਰਕਾਰ ‘ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਪੰਜਾਬ ਦੀਆਂ ਮਾਵਾਂ ਧੀਆਂ ਨਸ਼ਿਆਂ ਦੇ ਪਸਾਰ ਕਾਰਨ ਸੰਤਾਪ ਹੰਢਾ ਰਹੀਆਂ ਹਨ। ਇੰਨ੍ਹਾਂ ਨੂੰ ਨਿਆਂ ਦਿਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਕਾਰਨ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਨਸ਼ੇ ਹਰ ਪਿੰਡ ਵਿਚ ਪਹੁੰਚ ਗਏ ਹਨ ਅਤੇ ਨੌਜਵਾਨਾਂ ਨੂੰ ਦੈਂਤ ਬਣ ਕੇ ਨਸ਼ੇ ਖਾ ਰਹੇ ਹਨ। ਨਸ਼ਿਆਂ ਨੂੰ ਤਦ ਹੀ ਰੋਕਿਆ ਜਾ ਸਕਦਾ ਹੈ, ਜੇਕਰ 2027 ਦੀਆਂ ਚੋਣਾਂ ‘ਚ ‘ਆਪ’ ਨੂੰ ਰਵਾਨਾ ਕਰ ਦਿੱਤਾ ਜਾਵੇ। ‘ਆਪ’ ਸਰਕਾਰ ‘ਚ ਨਸ਼ੇ ਇੰਨ੍ਹੇ ਵੱਧੇ ਹਨ ਕਿ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ ਅਤੇ ਮੌਜੂਦਾ ਸਰਕਾਰ ਹਰ ਫ਼ਰੰਟ ‘ਤੇ ਫੇਲ੍ਹ ਹੋ ਚੁੱਕੀ ਹੈ। ਅਕਾਲੀ ਸਰਕਾਰ ਦੇ ਬਣਨ ’ਤੇ ਨਸ਼ੇ ਵੀ ਖ਼ਤਮ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਮਾਨਸਾ ਦੇ ਨਜ਼ਦੀਕ ਕੀਤੇ ਔਰਤਾਂ ਦੇ ਵੱਡੇ ਪੱਧਰ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਸਰਕਾਰ ’ਤੇ ਇਹ ਸਵਾਲ ਚੁੱਕੇ। ਉਨ੍ਹਾਂ ਆਪ ‘ਤੇ ਵਰ੍ਹਦਿਆਂ ਕਿਹਾ ਕਿ ਮਾਵਾਂ ਤੇ ਧੀਆਂ ਹੁਣ ਉਠ ਖਲੋਤੀਆਂ ਹਨ ਤੇ ਆਪ ਆਗੂਆਂ ਤੇ ਪੁਲਿਸ ਦੀ ਗੰਢ ਤੁੱਪ ਤੋੜ ਕੇ ਹਟਣਗੀਆਂ ਜਿਸਨੇ ਉਨ੍ਹਾਂ ਦੇ ਪੁੱਤਰ ਤੇ ਪਿਓ ਖਾ ਲਏ ਹਨ। ਇਸ ਦੌਰਾਨ ਐੱਸਡੀਐੱਮ ਦਫ਼ਤਰ ਤੱਕ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦੇ ਬਾਅਦ ਸੂਬੇ ਦੇ ਰਾਜਪਾਲ ਦੇ ਨਾਮ ’ਤੇ ਐਸਡੀਐਮ ਮਾਨਸਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਉਨ੍ਹਾਂ ਮੰਗ ਪੱਤਰਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਜ਼ਬਰ ਜਨਾਹ ਕੇਸਾਂ ਵਿਚ ਦੋਸ਼ੀ ਨੂੰ ਬਰੀ ਕਰਵਾਉਣ ਲਈ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਵਿਚ ਨਸ਼ਿਆਂ ਕਾਰਨ ਪ੍ਰਭਾਵਤ ਹੋਏ ਪਰਿਵਾਰਾਂ ਵਾਸਤੇ ਨਿਆਂ ਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਮੰਗ ਕੀਤੀ ਗਈ। ਇਸ ਵਿਚ ਇਹ ਵੀ ਮੰਗ ਕੀਤੀ ਗਈ ਕਿ ਮੋਹਣਜੀਤ ਸਿੰਘ ’ਤੇ ਹੋਏ ਤਸ਼ੱਦਦ ਤੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਸਮੇਤ ਪੁਲਿਸ ਤਸ਼ੱਦਦ ਦੇ ਸਾਰੇ ਕੇਸਾਂ ਵਿਚ ਨਿਆਂ ਮਿਲੇ। ਇਹ ਮੰਗ ਪੱਤਰ ਸੌਂਪਣ ਦੇ ਪਹਿਲਾਂ ਉਨ੍ਹਾਂ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਆ ਕੇ ਮਹਿਲਾਵਾਂ ਦੱਸ ਰਹੀਆਂ ਹਨ ਕਿ ਕਿਵੇਂ ਉਨ੍ਹਾਂ ਦੇ ਪੁੱਤਰ ਨਸ਼ਿਆਂ ਦੇ ਪਸਾਰ ਦਾ ਸ਼ਿਕਾਰ ਹੋਏ ਹਨ ਕਿਉਂਕਿ ਪੰਜਾਬ ਵਿਚ ਨਸ਼ਾ ਘਰ-ਘਰ ਮਿਲ ਰਿਹਾ ਹੈ। ਅੱਜ ਸਾਡੇ ਕੋਲ ਅਜਿਹੀ ਸਰਕਾਰ ਹੈ ਜਿਸਦੇ ਰਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਨੌਜਵਾਨ ਮਰ ਰਹੇ ਹਨ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਔਰਤਾਂ ਸਿਰਫ਼ ਇਸ ਕਰ ਕੇ ਸੰਤਾਪ ਨਹੀਂ ਹੰਢਾ ਰਹੀਆਂ ਕਿ ਨਸ਼ਾ ਤਸਕਰੀ ਬਹੁਤ ਜ਼ਿਆਦਾ ਹੈ ਬਲਕਿ ਉਨ੍ਹਾਂ ਨੂੰ ਰਾਸ਼ਨ, ਬੇਰੁਜ਼ਗਾਰੀ ਤੇ ਮਹਿੰਗਾਈ ਦੀ ਮਾਰ ਸਮੇਤ ਸਮਾਜ ਭਲਾਈ ਸਕੀਮਾਂ ਦਾ ਲਾਭ ਨਾ ਮਿਲਣ ਕਰ ਕੇ ਵੀ ਸੰਤਾਪ ਹੰਢਾਉਣਾ ਪੈ ਰਿਹਾ ਹੈ। ਸੱਚਾਈ ਇਹ ਹੈ ਕਿ ਆਪ ਸਰਕਾਰ ਨੇ ਨਜਾਇਜ਼ ਨਸ਼ਾ ਤਸਕਰੀ ਕੇਸਾਂ (ਪੀ ਆਈ ਟੀ ਐਨ ਡੀ ਪੀ ਐਸ ਕੇਸਾਂ) ਦੇ ਦਰਜ ਹੋਏ ਕੁੱਲ 2.17 ਲੱਖ ਕੇਸਾਂ ਵਿਚੋਂ ਸਿਰਫ 7 ਕੇਸਾਂ ਵਿਚ ਹੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਨਸ਼ਾ ਤਸਕਰੀ ਖ਼ਤਮ ਕਰਨ ਵਾਸਤੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਦੀ ਵਰਤੋਂ ਉਹਨਾਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਈ ਹੋ ਸਕਦੀ ਸੀ ਜੋ ਦੂਜਿਆਂ ਦੇ ਨਾਮ ’ਤੇ ਇਹ ਧੰਦਾ ਕਰਦੇ ਹਨ ਤੇ ਜੋ ਪੁਲਿਸ ਜਾਂਚਾਂ ਵਿਚ ਕਮੀਆਂ ਕਾਰਨ ਵਾਰ-ਵਾਰ ਜ਼ਮਾਨਤ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਆਪ ਆਗੂਆਂ ਤੇ ਪੁਲਿਸ ਵਿਚਾਲੇ ਗੰਢਤੁੱਪ ਤੋੜਨ ਦਾ ਕੋਈ ਇਰਾਦਾ ਨਹੀਂ ਹੈ ਜਿਸ ਕਾਰਨ ਅੱਜ ਸੂਬੇ ਵਿਚ ਨਸ਼ਾ ਘਰ-ਘਰ ਸਪਲਾਈ ਹੋ ਰਿਹਾ ਹੈ। ਨਸ਼ਾ ਤਸਕਰੀ ’ਚ ਪੰਜਾਬ ਪਹਿਲੇ ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਆਪ ਦੇ ਰਾਜ ਵਿਚ ਨਸ਼ਾ ਤਸਕਰੀ ਵਿਚ ਪੰਜਾਬ ਪਹਿਲੇ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਧੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ੇ ਖ਼ਤਮ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਗੀਆਂ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੱਚਮੁੱਚ ਹੀ ਸੂਬੇ ਵਿਚੋਂ ਨਸ਼ਾ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇਣ। ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਵੀ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਅੱਜ ਹਾਲਾਤ ਲਗਾਤਾਰ ਖ਼ਰਾਬ ਹੋ ਰਹੇ ਹਨ ਅਤੇ ਇਸੇ ਕਾਰਨ ਇਹ ਰੋਸ ਧਰਨੇ ਲਗਾਉਣੇ ਪੈ ਰਹੇ ਹਨ। ‘ਮਾਵਾਂ ਧੀਆਂ ਦਾ ਸਤਿਕਾਰ’ ਦੇ ਬੋਰਡ ਸਰਕਾਰ ਵੱਲੋਂ ਲਗਾਏ ਗਏ ਹਨ, ਪਰ ਸਾਨੂੰ ਇਹ ਦਿਖ ਰਿਹਾ ਕਿ ‘ਮਾਵਾਂ ਧੀਆਂ‘ ਦਾ ਕਿੰਨਾ ਕੁ ਸਤਿਕਾਰ ਇਸ ਸਰਕਾਰ ਦੌਰਾਨ ਹੋ ਰਿਹਾ ਹੈ। ਜੇਕਰ ਕੋਈ ਅਵਾਜ਼ ਸਰਕਾਰ ਦੇ ਖ਼ਿਲਾਫ਼ ਬੁਲੰਦ ਕਰਦਾ ਹੈ ਤਾਂ ਉਸ ਉਪਰ ਤਸ਼ੱਦਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ 2027 ਦੀਆਂ ਵਿਧਾਨਸਭਾ ਚੋਣਾਂ ਆ ਗਈਆਂ ਹਨ ਅਤੇ ‘ਆਪ’ ਨੁੰ ਸਬਕ ਆਮ ਲੋਕਾਂ ਨੇ ਸਿਖਾਉਣਾ ਹੈ। ਲੋਕ ਹੁਣ ਜਾਣ ਗਏ ਹਨ ਕਿ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਅਤੇ ਸਬਜ਼ਬਾਗ ਦਿਖਾਏ ਗਏ ਸਨ ਜਿਸ ਕਾਰਨ ਇਹ ਸਰਕਾਰ ਸੱਤਾ ਵਿੱਚ ਆ ਗਈ। ਪਰ ਹੁਣ ਲੋਕ ਸੁਚੇਤ ਹੋ ਗਏ ਹਨ ਅਤੇ ਝਾਂਸੇ ਵਿੱਚ ਇਸ ਵਾਰ ਨਹੀਂ ਆਉਣਗੇ। ਹਲਕਾ ਪ੍ਰਧਾਨ ਇਸਤਰੀ ਵਿੰਗ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਮਾਓਂ ਨੇ ਵੀ ਅਵਾਜ਼ ਬੁਲੰਦ ਕੀਤੀ ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਪੰਜਾਬ ਵਿੱਚ ਬੁਰਾ ਹਾਲ ਕਰ ਦਿੱਤਾ ਹੈ ਅਤੇ ਘਰ ਘਰ ਹੋਈਆਂ ਨਸ਼ਿਆਂ ਨਾਲ ਮੌਤਾਂ ਨੇ ‘ਆਪ’ ਸਰਕਾਰ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਆਪ ਸਰਕਾਰ ਆਪਣੀਆਂ ਪ੍ਰਾਪਤੀਆਂ ਦੀਆਂ ਗੱਲ ਕਰ ਰਹੀ ਹੈ। ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਰਕਲ ਪ੍ਰਧਾਨ ਬੀਬੀ ਸੁਖਜੀਤ ਕੌਰ ਝੱਬਰ, ਪਰਮਜੀਤ ਕੌਰ ਜੋਗਾ, ਮਨਦੀਪ ਕੌਰ ਹੀਰੋਂ ਕਲਾਂ, ਗੋਲੋ ਕੌਰ ਸਮਾਓਂ, ਬਲਜੀਤ ਕੌਰ ਦਲੇਲਵਾਲਾ, ਮੱਖਣ ਕੌਰ ਮਾਨਸਾ, ਪ੍ਰਿੰਸੀਪਲ ਰੁਪਿੰਦਰ ਕੌਰ ਕੌਂਸਲਰ ਤੇ ਹੋਰ ਅਕਾਲੀ ਆਗੂ ਮੌਜੂਦ ਸਨ।