ਬੀਏ ਪੰਜਵੇਂ ਸਮੈਸਟਰ ਦੇ ਨਤੀਜਿਆਂ ’ਚ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ ਇਲਾਕੇ ਦੀ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੀ
Publish Date: Thu, 16 Jul 2026 04:31 PM (IST)
Updated Date: Fri, 17 Jul 2026 04:01 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇਲਾਕੇ ਦੀ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਪ੍ਰਸਿੱਧ ਸੰਸਥਾ ਮਾਲਵਾ ਗਰੁੱਪ ਆਫ਼ ਕਾਲਜਿਜ਼, ਸਰਦੂਲੇਵਾਲਾ ਨੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਨਾਲ ਆਪਣੀ ਸਾਖ਼ ਨੂੰ ਹੋਰ ਮਜ਼ਬੂਤ ਕੀਤਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਲਾਨੇ ਗਏ ਬੀਏ ਪੰਜਵਾਂ ਸਮੈਸਟਰ (ਦਸੰਬਰ 2025) ਦੇ ਨਤੀਜਿਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਨਤੀਜਿਆਂ ਅਨੁਸਾਰ ਸਨੇਹਾ ਗਰਗ ਪੁੱਤਰੀ ਸੁਭਾਸ਼ ਗਰਗ ਨੇ 457 ਅੰਕ (91.40 ਫ਼ੀਸਦੀ) ਪ੍ਰਾਪਤ ਕਰਕੇ ਨਾ ਸਿਰਫ਼ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਸਗੋਂ ਜ਼ਿਲ੍ਹੇ ਵਿੱਚੋਂ ਵੀ ਟਾਪ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਸਨੇਹਾ ਗਰਗ ਆਪਣੇ ਪਿਛਲੇ ਸਮੈਸਟਰਾਂ ਵਿੱਚ ਵੀ ਜ਼ਿਲ੍ਹਾ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ ਅਤੇ ਇਸ ਵਾਰ ਵੀ ਆਪਣੀ ਇਸ ਉਪਲੱਬਧੀ ਨੂੰ ਬਰਕਰਾਰ ਰੱਖਿਆ। ਇਸੇ ਤਰ੍ਹਾਂ ਦਿਲਪ੍ਰੀਤ ਕੌਰ ਪੁੱਤਰੀ ਸਰਵਿੰਦਰ ਸਿੰਘ ਅਤੇ ਰਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 429 ਅੰਕ (85.80 ਫ਼ੀਸਦੀ) ਪ੍ਰਾਪਤ ਕਰਕੇ ਸਾਂਝੇ ਤੌਰ ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜਸਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 428 ਅੰਕ (85.60 ਫ਼ੀਸਦੀ) ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸ਼ਾਨਦਾਰ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮਾਲਵਾ ਗਰੁੱਪ ਆਫ ਕਾਲਜਿਜ਼ ਵਿਖੇ ਵਿਦਿਆਰਥਣਾਂ ਨੂੰ ਉੱਚ ਪੱਧਰੀ ਸਿੱਖਿਆ, ਅਨੁਸ਼ਾਸਿਤ ਮਾਹੌਲ ਅਤੇ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ। ਵਿਦਿਆਰਥਣਾਂ ਦੀ ਇਸ ਵੱਡੀ ਸਫ਼ਲਤਾ ਨਾਲ ਕਾਲਜ ਪ੍ਰਬੰਧਨ, ਸਟਾਫ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਸਫ਼ਲ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ-ਭਰਪੂਰ ਸਿੱਖਿਆ ਦੇ ਕੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਸਫ਼ਲ ਬਣਾਉਣਾ ਹੈ। ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਵੀ ਸਫ਼ਲ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਵਿੱਚ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਆਤਮ-ਵਿਸ਼ਵਾਸ ਦੇ ਵਿਕਾਸ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਜਿਸ ਦਾ ਨਤੀਜਾ ਹਰ ਸਾਲ ਸ਼ਾਨਦਾਰ ਨਤੀਜਿਆਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਸ ਮੌਕੇ ਕਾਲਜ ਸਟਾਫ ਵੱਲੋਂ ਵਿਦਿਆਰਥਣਾਂ ਨੂੰ ਵਧਾਈ ਦੇਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਅਸਿਸਟੈਂਟ ਪ੍ਰੋਫੈਸਰ ਬਲਜੀਤ ਪਾਲ ਸਿੰਘ, ਅਰਵਿੰਦਰ ਸਿੰਗਲਾ, ਗੁਰਦੀਪ ਸਿੰਘ, ਜਸਪਾਲ ਕੌਰ, ਰਕਸ਼ਾ ਰਾਣੀ, ਸਿੰਬਲਪਾਲ, ਰੇਖਾ ਰਾਣੀ, ਸ਼ਵਿਤੀ ਬਾਂਸਲ, ਹਰਪ੍ਰੀਤ ਕੌਰ ਅਤੇ ਆਸ਼ੂ ਸਿੰਗਲਾ ਸਮੇਤ ਸਮੂਹ ਸਟਾਫ ਹਾਜ਼ਰ ਸੀ। ਸਾਰਿਆਂ ਨੇ ਸਫ਼ਲ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।