- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈ ਭਾਗੋ ਸੰਸਥਾ ਰੱਲਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਈ ਭਾਗੋ ਸੰਸਥਾ ਰੱਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦਾ ਆਗਾਜ਼ ਕੀਤਾ। ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਇਸ ਕੈਂਪ ਵਿੱਚ ਹਿੱਸਾ ਲਿਆ। ਕੈਂਪ ਦੀ ਸ਼ੁਰੂਆਤ ਮੂਲ ਮੰਤਰ ਤੇ ਸ਼ਬਦ ਗਾਇਨ ਨਾਲ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਐੱਨਐੱਸਐੱਸ ਕੈਂਪ ਵਿਚ ਤਨਦੇਹੀ ਅਤੇ ਸਮਰਪਣ ਭਾਵ ਨਾਲ ਭਾਗ ਲੈਣ ਲਈ ਸਹੁੰ ਦਿਵਾਈ ਗਈ।
ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ “ਐੱਨਐੱਸਐੱਸ ਦੀ ਭੂਮਿਕਾ” ਵਿਸ਼ੇ ਸੰਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸੁਖਮੰਦਰ ਸਿੰਘ ਚੱਠਾ, ਚੇਅਰਮੈਨ ਫ਼ਤਿਹ ਕਾਲਜ ਰਾਮਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਐਨਐਸਐਸ ਪ੍ਰੋਗਰਾਮ ਅਫ਼ਸਰ ਸ਼ਰਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਐੱਨਐੱਸਐੱਸ ਕੈਂਪ ਦੇ ਉਦੇਸ਼ਾਂ ਤੇ ਸਮੁੱਚੇ ਵੇਰਵਿਆਂ ‘ਤੇ ਚਾਨਣਾ ਪਾਇਆ। ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸੁਖਮੰਦਰ ਸਿੰਘ ਚੱਠਾ (ਚੇਅਰਮੈਨ, ਫ਼ਤਿਹ ਕਾਲਜ ਰਾਮਪੁਰਾ) ਨੇ ਆਪਣੇ ਵਿਸਥਾਰਪੂਰਵਕ ਸੰਬੋਧਨ ਵਿੱਚ ਕਿਹਾ ਕਿ ਐਨਐਸਐਸ ਕੇਵਲ ਇੱਕ ਗਤੀਵਿਧੀ ਨਹੀਂ, ਸਗੋਂ ਇੱਕ ਜੀਵਨ-ਦ੍ਰਿਸ਼ਟੀ ਹੈ ਜੋ ਨੌਜਵਾਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਦੀ ਹੈ। ਉਨ੍ਹਾਂ ਦੱਸਿਆ ਕਿ ਐਨਐਸਐਸ ਦਾ ਮੂਲ ਮੰਤਰ “ਨੋਟ ਮੀ, ਪਰ ਤੂੰ” ਵਿਦਿਆਰਥੀਆਂ ਵਿੱਚ ਨਿਸ਼ਕਾਮ ਸੇਵਾ, ਸਹਿਯੋਗ ਅਤੇ ਪਰਉਪਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੈਂਪ ਦੌਰਾਨ ਸਫ਼ਾਈ ਅਭਿਆਨ, ਰੁੱਖ ਲਗਾਉਣ, ਨਸ਼ਾ-ਮੁਕਤੀ ਜਾਗਰੂਕਤਾ ਅਤੇ ਪਿੰਡਾਂ ਵਿੱਚ ਸਿੱਖਿਆ ਸੰਬੰਧੀ ਜਾਗਰੂਕਤਾ ਵਰਗੀਆਂ ਸਰਗਰਮੀਆਂ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਇਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਅਨੁਸ਼ਾਸਨ ਅਤੇ ਨੇਤ੍ਰਿਤਵ ਗੁਣਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੰਤ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੇਵਾ-ਭਾਵਨਾ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਪੁਸਤਕ ਗਿਆਨ ਪ੍ਰਾਪਤ ਕਰਨਾ ਨਹੀਂ, ਸਗੋਂ ਉਸ ਗਿਆਨ ਨੂੰ ਜੀਵਨ ਵਿੱਚ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਕੈਂਪ ਵਿਦਿਆਰਥੀਆਂ ਨੂੰ ਸਿਧਾਂਤ ਅਤੇ ਵਿਵਹਾਰ ਵਿਚਕਾਰ ਪੁਲ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਹੋਣ ਅਤੇ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੱਤੀ। ਡਾ. ਬਰਾੜ ਨੇ ਇਹ ਵੀ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਵਿਦਿਆਰਥੀਆਂ ਵਿੱਚ ਟੀਮ ਵਰਕ, ਸਮੇਂ ਦੀ ਪਾਬੰਦੀ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਹੁੰਦਾ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਬਹੁਤ ਹੀ ਲਾਭਕਾਰੀ ਹੈ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੈਂਪ ਦੀ ਸਫ਼ਲਤਾ ਲਈ ਪੂਰ੍ਹੇ ਜਜ਼ਬੇ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ।
ਕੈਂਪ ਦੇ ਦੂਜੇ ਸੈਸ਼ਨ ਦੌਰਾਨ ਸਹਾਇਕ ਪ੍ਰੋਫੈਸਰ ਸ਼ਮਸ਼ੇਰ ਸਿੰਘ ਨੇ ਸੱਤ ਰੋਜ਼ਾ ਕੈਂਪ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਐਨਐਸਐਸ ਪ੍ਰੋਗਰਾਮ ਅਫ਼ਸਰ ਪਰਗਟ ਸਿੰਘ, ਪਰਮਜੀਤ ਕੌਰ ਤੇ ਲਖਬੀਰ ਕੌਰ ਨੇ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਮੇਟੀਆਂ ਦੀ ਵੰਡ ਕੀਤੀ। ਇਸ ਮੌਕੇ ਸਮੂਹ ਮੈਨੇਜ਼ਮੈਂਟ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਅਤੇ ਆਫ਼ਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੈਂਪ ਦੇ ਆਗਾਜ਼ ਲਈ ਮੁਬਾਰਕਬਾਦ ਦਿੰਦਿਆਂ ਕੈਂਪ ਨੂੰ ਪ੍ਰਭਾਵਸ਼ਾਲੀ ਗਤੀਵਿਧੀਆਂ ਨਾਲ ਵਿਦਿਆਰਥੀ ਹੁਨਰਾਂ ਨੂੰ ਵਿਕਸਿਤ ਕਰਨ ਦੀ ਗੱਲ ਆਖੀ। ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।