ਮਹਾਂਸ਼ਿਵਰਾਤਰੀ ਮਹਾਂਉਤਸਵ ‘ਤੇ ਕੱਢੀ ਸ਼ੋਭਾ ਯਾਤਰਾ
ਸ਼੍ਰੀ ਸਨਾਤਨ ਧਰਮ
Publish Date: Sun, 15 Feb 2026 07:34 PM (IST)
Updated Date: Mon, 16 Feb 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ 19ਵਾਂ ਸ਼੍ਰੀ ਮਹਾਂਸ਼ਿਵਰਾਤਰੀ ਮਹਾਂਉਤਸਵ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ ਅਤੇ ਹਰਦੁਆਰ ਤੋਂ ਜਲ ਲਿਆਉਣ ਵਾਲੇ ਕਾਂਵੜੀਆ ਦਾ ਵੀ ਸੁਆਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂ ਸ਼ੋਭਾ ਯਾਤਰਾ ਵਿੱਚ ਮੌਜੂਦ ਸਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਜਰਨਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ 24 ਜਨਵਰੀ ਤੋਂ ਲੈ ਕੇ 14 ਫ਼ਰਵਰੀ ਤੱਕ ਪ੍ਰਭਾਤ ਫੇ਼ਰੀ ਸਾਰੇ ਸ਼ਹਿਰ ਵਿੱਚ ਕੀਤੀ ਗਈ। 15 ਫ਼ਰਵਰੀ ਸ਼੍ਰੀ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ 6 ਵਜੇ ਹਵਨ ਯੱਗ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਮੰਦਰ ਵੀਰ ਵਿਖੇ ਕੀਤਾ ਗਿਆ। ਸਵੇਰੇ 10 ਵਜੇ ਭੋਲੇ ਨਾਥ ਜੀ ਦੀ ਸੁੰਦਰ ਰੱਥ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਲਈ ਰਵਾਨਾ ਕੀਤੀ ਗਈ। ਇਸ ਰੱਥ ਯਾਤਰਾ ਦੀ ਜੋਤੀ ਪ੍ਰਚੰਡ ਰਕੇਸ਼ ਕੁਮਾਰ ਪਟਾਕਿਆਂ ਵਾਲਿਆਂ ਨੇ ਕੀਤੀ। ਨਾਰੀਅਲ ਦੇ ਰਸਮ ਵਿਨੀਤ ਕੁਮਾਰ ਕੇ.ਸੀ.ਐੱਲ ਘਰਾਟ ਆਟੇ ਵਾਲਿਆਂ ਅਤੇ ਝੰਡੀ ਦੇਣ ਦੀ ਰਸਮ ਕਮਲੇਸ਼ ਰਾਣੀ, ਸਮੀਰ ਛਾਬੜਾ ਰੁਲਦੂ ਰਾਮ ਨੰਦਗੜ੍ਹ ਵਾਲਿਆਂ ਨੇ ਅਦਾ ਕੀਤੀ। ਸੁੰਦਰ ਰੰਗ ਬਿਰੰਗੇ ਫੁੱਲਾਂ ਵਾਲੇ ਪਿੰਡੀ ਰੂਪ ਵਿੱਚ ਹੀਰਿਆਂ ਜੜਿਤ ਰੱਥ ਵਿੱਚ ਬਿਰਾਜਮਾਨ ਭੋਲੇ ਨਾਥ ਜੀ ਸਨ। ਸੁੰਦਰ ਝਾਕੀਆਂ ਨਾਲ ਸਜੀ ਹੋਈ ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸ਼ਹਿਰ ਦੀ ਪਰਿਕ੍ਰਮਾ ਕਰਨ ਤੋਂ ਬਾਅਦ ਰੱਥ ਯਾਤਰਾ ਗਊਸ਼ਾਲਾ ਭਵਨ ਵਿਖੇ ਪੁੱਜੀ, ਜਿਥੇ ਆਰਤੀ, ਪੂਰਨ ਸ਼ਰਧਾ ਨਾਲ ਕੀਤੀ ਗਈ। ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਹਿਰ ਨਿਵਾਸੀ ਅਤੇ ਸੰਮਤੀ ਦੇ ਸਾਰੇ ਮੈਂਬਰ ਹਾਜ਼ਰ ਸਨ।