- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਵਾਈਨ ਪਬਲਿਕ ਸਕੂਲ, ਫੱਗੂ ਦੇ ਵਿਸ਼ਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਿਵਾਈਨ ਪਬਲਿਕ ਸਕੂਲ ਫੱਗੂ ਦੇ ਵਿਸ਼ਾਲ ਖੇਡ ਮੈਦਾਨ ਵਿੱਚ ਸਾਲਾਨਾ ਐਥਲੈਟਿਕਸ ਮੀਟ ਧੂਮਧਾਮ, ਉਤਸ਼ਾਹ ਅਤੇ ਸ਼ਾਨੋ ਸ਼ੌਕਤ ਨਾਲ ਆਯੋਜਿਤ ਕੀਤੀ ਗਈ। ਸਮਾਗਮ ਦੌਰਾਨ ਪੂਰ੍ਹਾ ਸਕੂਲ ਪਰਿਵਾਰ, ਖੁਸ਼ੀ ਅਤੇ ਮਾਣ ਨਾਲ ਝੂਮ ਉਠਿਆ। ਮੈਦਾਨ ਨੂੰ ਰੰਗ-ਬਿਰੰਗੇ ਝੰਡਿਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਮਾਹੌਲ ਹੋਰ ਵੀ ਰੌਣਕਮਈ ਬਣ ਗਿਆ। ਸਮਾਗਮ ਦੀ ਅਗਵਾਈ ਚੇਅਰਪਰਸਨ ਦੀਪਕ ਗਾਬਾ ਅਤੇ ਮਨੀ ਗਾਬਾ ਵੱਲੋਂ ਕੀਤੀ ਗਈ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਪ੍ਰੇਰਕ ਅਗਵਾਈ ਹੇਠ ਖੇਡ ਮੇਲਾ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਿੱਖਿਆ ਪ੍ਰੇਮੀ ਗੁਰਵਿੰਦਰ ਸਿੰਘ ਬਾਜਵਾ (ਐੱਮਡੀ ਦਸ਼ਮੇਸ਼ ਪਬਲਿਕ ਸਕੂਲ, ਦਮਦਮਾ), ਸੁਨੀਲ ਗੁੰਬਰ (ਨਗਰ ਪ੍ਰੀਸ਼ਦ, ਰਾਨੀਆ) ਤੇ ਸਮਾਜ ਸੇਵੀ ਤਰਸੇਮ ਕੁਮਾਰ ਨੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸਿਪਲ ਡਾ. ਸੰਦੀਪ ਕੁਮਾਰ ਬਜਾਜ ਤੇ ਵਾਈਸ ਪ੍ਰਿੰਸੀਪਲ ਸ਼ਿਖਾ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ। ਖੇਡਾਂ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਜਿਸ ਵਿਚ ਚਾਰ ਹਾਊਸਾਂ ਦੇ ਵਿਦਿਆਰਥੀਆਂ ਨੇ ਅਨੁਸ਼ਾਸਨ, ਏਕਤਾ ਅਤੇ ਜਜ਼ਬੇ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਖੇਡ ਮੇਲੇ ਦਾ ਅਧਿਕਾਰਕ ਆਗਾਜ਼ ਕੀਤਾ ਗਿਆ। ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ, 400 ਮੀਟਰ ਦੌੜ, ਰੀਲੇ ਰੇਸ, ਲੰਮੀ ਕੂਦ, ਗੋਲਾ ਫੇਂਕ, ਸੈਕ ਰੇਸ, ਲੈਮਨ-ਸਪੂਨ ਰੇਸ ਅਤੇ ਹੋਰ ਕਈ ਰੋਮਾਂਚਕ ਮੁਕਾਬਲਿਆਂ ਵਿੱਚ ਹਿੱਸਾ ਲਿਆ। ਹਰ ਮੁਕਾਬਲੇ ਦੌਰਾਨ ਦਰਸ਼ਕਾਂ ਵੱਲੋਂ ਜ਼ੋਰਦਾਰ ਤਾਲੀਆਂ ਅਤੇ ਨਾਅਰਿਆਂ ਨਾਲ ਹੌਸਲਾ ਅਫ਼ਜ਼ਾਈ ਕੀਤੀ ਗਈ। ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਜੀਵਨ ਦਾ ਅਟੁੱਟ ਹਿੱਸਾ ਹਨ ਜੋ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਮਜ਼ਬੂਤੀ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਟੀਮ ਵਰਕ ਅਤੇ ਜਿੱਤਣ ਦੀ ਲਗਨ ਪੈਦਾ ਕਰਦੇ ਹਨ। ਉਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਨਸੀਬ ਸਿੰਘ (ਡੀ.ਪੀ), ਨਰਿੰਦਰ ਸ਼ਰਮਾ (ਡੀ. ਪੀ) ਅਤੇ ਅਧਿਆਪਕਾਂ ਦੀ ਮਹਿਨਤ ਦੀ ਖੂਬ ਸਰਾਹਨਾ ਕੀਤੀ। ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਬਜਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਾਂਗੀਣ ਵਿਕਾਸ ਹੋ ਸਕੇ। ਵਾਈਸ ਪ੍ਰਿੰਸੀਪਲ ਸ਼ਿਖਾ ਨੇ ਵੀ ਬੱਚਿਆਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ । ਸਮੂਹ ਸਮਾਗਮ ਖੁਸ਼ੀ, ਜੋਸ਼ ਅਤੇ ਪ੍ਰੇਰਣਾ ਨਾਲ ਭਰਪੂਰ ਰਿਹਾ। ਇਹ ਅਥਲੈਟਿਕਸ ਮੀਟ ਡਿਵਾਈਨ ਪਬਲਿਕ ਸਕੂਲ, ਫੱਗੂ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਿਹਰਾ ਅਧਿਆਇ ਸਾਬਤ ਹੋਈ ਅਤੇ ਸਭ ਦੇ ਮਨਾਂ ਵਿੱਚ ਅਮਿੱਟ ਯਾਦਾਂ ਛੱਡ ਗਈ।