ਵਕੀਲ ਦਿਲਜੋਤ ਦੀ ਮਾਂ ਵੱਲੋਂ ਸੀਪੀ ਦਫ਼ਤਰ ਅੱਗੇ ਧਰਨਾ 2 ਨੂੰ
ਲਲਕਾਰ ਗਰੁੱਪ ਨਾਲ ਸੰਬੰਧਿਤ ਐਡਵੋਕੇਟ ਦਿਲਜੋਤ
Publish Date: Fri, 20 Feb 2026 06:21 PM (IST)
Updated Date: Sat, 21 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਲਲਕਾਰ ਗਰੁੱਪ ਨਾਲ ਸੰਬੰਧਿਤ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਵੱਲੋਂ ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਲਗਾਏ ਗਏ। ਦਿਲਜੋਤ ਦੀ ਮਾਤਾ ਵੀਰਪਾਲ ਕੌਰ ਤੇ ਐਕਸ਼ਨ ਕਮੇਟੀ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਖਿਲਾਫ ਸ਼ਹਿਰ ਵਿੱਚ ਮਾਰਚ ਕਰਕੇ 2 ਮਾਰਚ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਦਿਲਜੋਤ ਦੀ ਮਾਤਾ ਵੀਰਪਾਲ ਕੌਰ,ਐਕਸ਼ਨ ਕਮੇਟੀ ਦੇ ਆਗੂਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੁਖਦਰਸ਼ਨ ਨੱਤ, ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਸ਼ੋਸ਼ਲਿਸਟ ਪਾਰਟੀ ਇੰਡੀਆ ਦੇ ਸਰਬਜੀਤ ਕੌਸ਼ਲ, ਹਰਿੰਦਰ ਮਾਨਸ਼ਾਹੀਆ, ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਘਰਾਗਣਾਂ, ਗੁਰਸੇਵਕ ਸਿੰਘ ਮਾਨ, ਸੀਪੀਆਈ ਦੇ ਰਤਨ ਭੋਲਾ, ਪੈਨਸ਼ਨਰ ਐਸੋਸੀਏਸ਼ਨ ਦੇ ਮਨਿੰਦਰ ਸਿੰਘ ਜਵਾਹਰਕੇ, ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਦਾਨੇਵਾਲੀਆ, ਬੀ ਕੇ ਯੂ ਕਾਦੀਆਂ ਦੇ ਕੁਲਦੀਪ ਚੱਕ ਭਾਈਕੇ, ਪਰਿਵਾਰਕ ਮੈਂਬਰ ਸ਼ਿਵ ਜੀ ਰਾਮ, ਅਭਿਸ਼ੇਕ ਸ਼ਰਮਾ, ਰਵਿੰਦਰ ਸ਼ਰਮਾ, ਸ਼ਹੀਦ ਲਾਭ ਸਿੰਘ ਯਾਦਗਾਰੀ ਕਮੇਟੀ ਦੇ ਹਰਗਿਆਨ ਢਿੱਲੋਂ, ਜਗਰਾਜ ਸਿੰਘ ਰੱਲਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਬਲਵਿੰਦਰ ਕੌਰ ਬੈਰਾਗੀ, ਬੀ ਕੇ ਯੂ ਕ੍ਰਾਂਤੀਕਾਰੀ ਦੇ ਗੁਰਪ੍ਰਣਾਮ ਸਿੰਘ, ਬੀ ਕੇ ਯੂ ਏਕਤਾ ਡਕੌਂਦਾ ਦੇ ਮਹਿੰਦਰ ਸਿੰਘ ਭੈਣੀਬਾਘਾ, ਦਸਮੇਸ਼ ਅਕੈਡਮੀ ਮਾਨਸਾ ਦੇ ਹਰਜੀਵਨ ਸਿੰਘ ਸਰਾਂ ਨੇਂ ਕਿਹਾ ਕਿ ਮੌਤ ਹੋਈ ਨੂੰ ਲੱਗਭੱਗ ਡੇਢ ਮਹੀਨਾ ਬੀਤ ਚੁੱਕਿਆ ਹੈ, ਪਰ ਪੁਲਿਸ ਵੱਲੋਂ ਨਾਂ ਤਾਂ ਲਿਖਾਈ ਦਾ ਮਿਲਾਣ ਕਰਵਾਇਆ ਗਿਆ ਤੇ ਨਾ ਹੀ ਮੌਤ ਵੇਲੇ ਪਾਏ ਕੱਪੜੇ ਜਾਂਚ ਲਈ ਭੇਜੇ ਗਏ ਅਤੇ ਨਾ ਹੀ ਬਿਸਰਾ ਰਿਪੋਰਟ ਮੰਗਵਾਈ ਗਈ ਹੈ। ਪੁਲਿਸ ਵੱਲੋਂ ਜਾਣਬੁੱਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਐੱਫ਼ਆਈਆਰ ਵੀ ਲੱਗਪਗ ਇੱਕ ਮਹੀਨੇ ਬਾਅਦ ਕੀਤੀ ਗਈ ਸੀ, ਪਰ ਐੱਫ਼ਆਈਆਰ ਤੱਕ ਸੀਮਤ ਕਰਦਿਆਂ ਜਾਂਚ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਜਲਦੀ ਹੀ ਮਾਨਸਾ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਕੀਤੀ ਜਾਵੇਗੀ।