ਦੀਵਾਲੀ ਮੌਕੇ ਪਰਵਿੰਦਰ ਸਿੰਘ ਝੋਟਾ ਦਾ ਭਾਵੁਕ ਮਾਹੌਲ ’ਚ ਹੋਇਆ ਅੰਤਿਮ ਸਸਕਾਰ ਪੰਜਾਬ ਦੇ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼
Publish Date: Mon, 09 Nov 2026 06:25 PM (IST)
Updated Date: Tue, 10 Nov 2026 04:06 AM (IST)
ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਫੁੱਲ ਖੇਤ ‘ਚ ਹੀ ਪਾ ਬੂਟਾ ਲਗਾਇਆ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿੰਘ ਝੋਟਾ ਦੇ ਖੇਤ ‘ਚ ਅੱਜ ਫੁੱਲ ਚੁੱਗੇ ਗਏ। ਇਸ ਬਾਅਦ ਖੇਤ ਦੀ ਮਿੱਟੀ ‘ਚ ਹੀ ਫੁੱਲ ਪਾ ਕੇ ਪਿਤਾ ਭੀਮ ਸਿੰਘ ਅਤੇ ਇਨਸਾਫ਼ ਕਮੇਟੀ ਵੱਲੋਂ ਬੂਟਾ ਲਗਾ ਦਿੱਤਾ ਗਿਆ। ਐਤਵਾਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਪਿੰਡ ਚਕੇਰੀਆਂ ਉਸ ਦੇ ਖੇਤ ਵਿੱਚ ਗਮਗੀਨ ਮਾਹੌਲ ਦੌਰਾਨ ਕੀਤਾ ਗਿਆ ਸੀ, ਜਿਸ ਬਾਅਦ ਅੱਜ ਇਹ ਫੁਲ ਚੁਗਣ ਬਾਅਦ ਖੇਤ ਦੀ ਮਿੱਟੀ ’ਚ ਹੀ ਇਹ ਫੁੱਲ ਪਾਏ ਗਏ। ਪਰਿਵਾਰ ਨੇ ਨਸ਼ਿਆਂ ਦੇ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਲੈਣ ਦੇ ਨਾਲ-ਨਾਲ ਪਰਵਿੰਦਰ ਸਿੰਘ ਝੋਟਾ ਨੂੰ ਚਾਹੁਣ ਵਾਲੇ ਲੋਕਾਂ ਨੂੰ ਇਕਜੁੱਟ ਹੋ ਕੇ ਹਰ ਨਸ਼ਾ ਤਸਕਰ ਖ਼ਿਲਾਫ਼ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ ਦੇ ਬਾਵਜੂਦ ਪਰਵਿੰਦਰ ਸਿੰਘ ਝੋਟਾ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਮਾਹੌਲ ਗਮਗੀਨ ਹੋ ਗਿਆ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਮਾਤਾ , ਪਤਨੀ ਅਤੇ ਬੱਚੇ ਭਾਵੁਕ ਹੋ ਗਏ। ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਲੜਨ ਦਾ ਅਹਿਦ ਲਿਆ। ਅੰਤਿਮ ਸੰਸਕਾਰ ਮੌਕੇ ‘ਪਰਵਿੰਦਰ ਸਿੰਘ ਝੋਟਾ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਗੂੰਜਦੇ ਰਹੇ। ਪਰਿਵਾਰਕ ਮੈਂਬਰਾਂ ਅਤੇ ਹਾਜ਼ਰ ਲੋਕਾਂ ਦੀਆਂ ਅੱਖਾਂ ਨਮ ਸਨ। ਪਰਿਵਾਰਕ ਮੈਂਬਰਾਂ ਅਤੇ ਸੰਗਤਾਂ ਵੱਲੋਂ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ। ਪਰਵਿੰਦਰ ਸਿੰਘ ਦੇ ਵੱਡੇ ਪੁੱਤਰ ਅਤੇ ਪਿਤਾ ਨੇ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ। ਜ਼ਿਕਰਯੋਗ ਹੈ ਕਿ 13 ਅਕਤੂਬਰ 2026 ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ਦਾ ਵਿਰੋਧ ਕਰਨ ਦੌਰਾਨ ਇੱਕ ਕੈਮਿਸਟ ਵੱਲੋਂ ਪਰਵਿੰਦਰ ਸਿੰਘ ਝੋਟਾ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰੀਬ 26 ਦਿਨਾਂ ਬਾਅਦ ਹੋਇਆ ਹੈ। ਝੋਟਾ ਦੇ ਪਿਤਾ ਭੀਮ ਸਿੰਘ ਪਿਛਲੇ ਦੋ ਦਿਨਾਂ ਤੋਂ ਭੁੱਖ ਹੜ੍ਹਤਾਲ ’ਤੇ ਸਨ। ਉਨ੍ਹਾਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦਾ ਤਬਾਦਲਾ ਕਰੇ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਕਾਰਨ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ। ਉਨ੍ਹਾਂ ਐਲਾਨ ਕੀਤਾ ਸੀ ਕਿ ਐੱਸਐੱਸਪੀ ਦਾ ਤਬਾਦਲਾ ਹੋਣ ਤੱਕ ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਦੀ ਕਾਰਵਾਈ ਪੂਰ੍ਹੀ ਹੋਣ ਬਾਅਦ ਝੋਟਾ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਕਰੀਬ 5 ਵਜੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਚੰਡੀਗੜ੍ਹ ਤੋਂ ਮਾਨਸਾ ਲਿਆਂਦੇ ਸਮੇਂ ਰਸਤੇ ਵਿੱਚ ਵੱਖ - ਵੱਖ ਥਾਵਾਂ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਧਰਨੇ ਵਾਲੀ ਥਾਂ ’ਤੇ ਲਿਆਂਦਾ ਗਿਆ, ਜਿਸ ਬਾਅਦ ਘਰ ਲਿਜਾਇਆ ਗਿਆ ਅਤੇ ਫ਼ਿਰ ਚਕੇਰੀਆਂ ਰੋਡ ਸਥਿਤ ਉਨ੍ਹਾਂ ਦੇ ਖੇਤ ਵਿੱਚ ਲਿਆਂਦਾ ਗਿਆ। ਜਿੱਥੇ ਸਾਰੇ ਖੇਤ ਅਤੇ ਆਸ ਪਾਸ ਛੱਤਾਂ ‘ਤੇ ਵੀ ਵੱਡੀ ਗਿਣਤੀ ’ਚ ਲੋਕ ਪਹੁੰਚੇ ਹੋਏ ਸਨ। ਬੁਲਾਰਿਆਂ ਨੇ ਵੀ ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਸਸਕਾਰ ਮੌਕੇ ਸੁਨੇਹਾ ਦਿੰਦਿਆਂ ਕਿਹਾ ਕਿ ਰੋਜ਼ਾਨਾ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ ਅਤੇ ਹੁਣ ਇਕਜੁੱਟ ਹੋ ਕੇ ਹੀ ਨਸ਼ਿਆਂ ਖ਼ਿਲਾਫ਼ ਲੜਾਈ ਲੜੀ ਜਾ ਸਕਦੀ ਹੈ।