ਪਰਵਿੰਦਰ ਝੋਟਾ ਦੀ ਹੱਤਿਆ ਤੋਂ ਬਾਅਦ ਲੱਖਾ ਸਿਧਾਣਾ ਦਾ ਗੰਭੀਰ ਦੋਸ਼: ‘ਪੰਜਾਬ ਪੁਲਿਸ ਕਰਨਾ ਚਾਹੁੰਦੀ ਹੈ ਧੱਕੇ ਨਾਲ ਸਸਕਾਰ’
ਲੱਖਾ ਸਿਧਾਣਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਤੋਂ ਬਾਅਦ ਧੱਕੇ ਨਾਲ ਸਸਕਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕੋਈ ਕਾਰਵਾਈ ਨਾ ਕੀਤੀ ਜਾਵੇ।
Publish Date: Tue, 13 Oct 2026 03:32 PM (IST)
Updated Date: Tue, 13 Oct 2026 03:36 PM (IST)
ਜਾਗਰਣ ਸੰਵਾਦਦਾਤਾ, ਮਾਨਸਾ। ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਿਰਸਾ-ਮਾਨਸਾ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨ ’ਚ ਲੱਖਾ ਸਿਧਾਣਾ, ਭਾਨਾ ਸਿੱਧੂ, ਮੋਹਨਜੀਤ ਸ਼ੇਰੋਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਹੋਏ ਹਨ।
ਲੱਖਾ ਸਿਧਾਣਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਤੋਂ ਬਾਅਦ ਧੱਕੇ ਨਾਲ ਸਸਕਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਕੋਈ ਕਾਰਵਾਈ ਨਾ ਕੀਤੀ ਜਾਵੇ।
ਇਸ ਤੋਂ ਪਹਿਲਾਂ ਸ਼ਹਿਰ ਦੇ 12 ਹੱਟਾ ਚੌਕ ’ਚ ਪ੍ਰਦਰਸ਼ਨ ਦੌਰਾਨ ਪਰਵਿੰਦਰ ਝੋਟਾ ਦੇ ਪਿਤਾ ਸਾਬਕਾ ਫ਼ੌਜੀ ਭੀਮ ਸਿੰਘ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਤੋਂ ਆਪਣੇ ਪਰਿਵਾਰ, ਖ਼ਾਸ ਕਰਕੇ ਆਪਣੇ 9 ਅਤੇ 6 ਸਾਲ ਦੇ ਛੋਟੇ ਦੋ ਪੋਤਿਆਂ ਦੀ ਸੁਰੱਖਿਆ ਕਰਨ ਦੀ ਗੁਹਾਰ ਲਗਾਈ ਹੈ।
ਭਾਵੁਕ ਹੋਈ ਪਰਵਿੰਦਰ ਦੀ ਮਾਂ
ਸਿਵਲ ਹਸਪਤਾਲ ’ਚ ਪ੍ਰਦਰਸ਼ਨ ਦੌਰਾਨ ਭਾਵੁਕ ਹੋਈ ਪਰਵਿੰਦਰ ਦੀ ਮਾਂ ਅਮਰਜੀਤ ਕੌਰ ਨੇ ਕਿਹਾ ਕਿ ਉਸ ਦਾ ਪੁੱਤਰ ਰੋਜ਼ ਨਸ਼ੇ ਦੇ ਸੌਦਾਗਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਦਾ ਸੀ ਅਤੇ ਅੱਜ ਘਰ ਜਾਣ ਤੋਂ ਪਹਿਲਾਂ ਕਹਿ ਕੇ ਗਿਆ ਸੀ ਕਿ ਮਾਂ ਮੇਰਾ ਦੁਪਹਿਰ ਦਾ ਖਾਣਾ ਬਣਾ ਕੇ ਰੱਖਣਾ ਪਰ ਇਸ ਬਦਨਸੀਬ ਮਾਂ ਨੂੰ ਨਹੀਂ ਪਤਾ ਸੀ ਕਿ ਅੱਜ ਦਾ ਖਾਣਾ ਉਸ ਨੂੰ ਨਸੀਬ ਨਹੀਂ ਹੋਵੇਗਾ। ਮਾਤਾ ਅਮਰਜੀਤ ਕੌਰ ਨੇ ਪੰਜਾਬ ਸਰਕਾਰ ਖ਼ਿਲਾਫ਼ ਵੀ ਆਪਣਾ ਰੋਹ ਜ਼ਾਹਿਰ ਕੀਤਾ।
ਹਸਪਤਾਲ ’ਚ ਭੰਨ-ਤੋੜ ਤੋਂ ਬਾਅਦ ਵਧਾਈ ਗਈ ਸੁਰੱਖਿਆ
ਪਰਵਿੰਦਰ ਝੋਟਾ ਦੀ ਹੱਤਿਆ ਤੋਂ ਬਾਅਦ ਸਿਵਲ ਹਸਪਤਾਲ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪਰਿਵਾਰ ਦੇ ਸਮਰਥਨ ਵਿੱਚ ਆਏ ਆਗੂਆਂ ਅਤੇ ਜਥੇਬੰਦੀਆਂ ਵੱਲੋਂ ਪਰਵਿੰਦਰ ਦੀ ਲਾਸ਼ ਨੂੰ ਨਾਲ ਲੈ ਜਾਣ ਦੀ ਜਿੱਦ ਕੀਤੀ ਗਈ।
ਪੁਲਿਸ ਦਾ ਵਿਰੋਧ ਕਰਨ 'ਤੇ ਸਿਵਲ ਹਸਪਤਾਲ ਦੇ ਮੋਰਚਰੀ ਖੇਤਰ ਦਾ ਗੇਟ ਅਤੇ ਦਰਵਾਜ਼ੇ ਤੱਕ ਤੋੜ ਦਿੱਤੇ ਗਏ। ਦੁਪਹਿਰ ਬਾਅਦ ਡੀ.ਆਈ.ਜੀ. ਬਠਿੰਡਾ ਹਰਜੀਤ ਸਿੰਘ, ਐੱਸ.ਐੱਸ.ਪੀ. ਵੈਭਵ ਚੌਧਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਸਿਵਲ ਹਸਪਤਾਲ ਪਹੁੰਚੇ ਹਨ।