ਨੈਸ਼ਨਲ ਹਾਈਵੇਅ ’ਤੇ ਖਿਆਲਾਂ ਕਲਾਂ ਵਿਖੇ ਟਰੌਮਾ ਸੈਂਟਰ ਸਥਾਪਤ ਕਰਨ ਦੀ ਜ਼ੋਰਦਾਰ ਮੰਗ: ਪੰਜਾਬ ਕਿਸਾਨ ਯੂਨੀਅਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ
Publish Date: Wed, 05 Aug 2026 04:50 PM (IST)
Updated Date: Wed, 05 Aug 2026 04:52 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਵਿੱਤ ਸਕੱਤਰ ਗੁਰਜੰਟ ਸਿੰਘ ਮਾਨਸਾ ਅਤੇ ਸੂਬਾ ਪ੍ਰੈੱਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਖਿਆਲਾ ਕਲਾਂ ਦੇ ਹਸਪਤਾਲ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਸੜਕ ਹਾਦਸਿਆਂ ਦੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਥਾਈ ਹੱਲ ਲਈ ਹਸਪਤਾਲ ਨੂੰ ਤੁਰੰਤ ਅਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਤੇ ਆਵਾਜਾਈ ਬਹੁਤ ਜ਼ਿਆਦਾ ਹੋਣ ਕਾਰਨ ਅਕਸਰ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਆਗੂਆਂ ਨੇ ਦੱਸਿਆ ਕਿ ਰਾਸ਼ਟਰੀ ਮਾਰਗ ਨੈਸ਼ਨਲ ਹਾਈਵੇ ਐਨਐਚ-148ਬੀ (ਚੰਡੀਗੜ੍ਹ-ਰਾਜਸਥਾਨ) ਅਤੇ ਐਨਐਚ - 52 (ਲੁਧਿਆਣਾ-ਸਿਰਸਾ) ‘ਤੇ ਬੇਸ਼ੁਮਾਰ ਆਵਾਜਾਈ ਹੋਣ ਦੇ ਬਾਵਜੂਦ ਇਨ੍ਹਾਂ ਅਹਿਮ ਮਾਰਗਾਂ ਤੇ ਕੋਈ ਵੀ ਟਰੌਮਾ ਸੈਂਟਰ ਜਾਂ ਸੀ.ਸੀ.ਯੂ. (ਸੀਸੀਯੂ) ਉਪਲਬਧ ਨਹੀਂ ਹੈ। ਖਿਆਲਾ ਕਲਾਂ ਚਾਰ ਚੁਫੇਰਿਓਂ ਆਵਾਜਾਈ ਦਾ ਕੇਂਦਰ ਹੋਣ ਕਾਰਨ ਇੱਥੇ ਐਮਰਜੈਂਸੀ ਵਿਭਾਗ ਦਾ ਬਣਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਵਿਗਿਆਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਸੜਕ ਹਾਦਸਿਆਂ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਗੋਲਡਨ ਆਵਰ (ਪਹਿਲਾਂ ਇੱਕ ਘੰਟਾ) ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਮਾਨਸਾ ਦਾ ਮੁੱਖ ਸਰਕਾਰੀ ਹਸਪਤਾਲ ਇੱਥੋਂ ਕਾਫ਼ੀ ਦੂਰ ਹੋਣ ਅਤੇ ਰਸਤੇ ਵਿੱਚ ਆਉਂਦੀ ਭਾਰੀ ਟ੍ਰੈਫ਼ਿਕ ਸਮੱਸਿਆ ਕਾਰਨ ਐਂਬੂਲੈਂਸਾਂ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਣ ਵਿੱਚ ਭਾਰੀ ਦਿੱਕਤਾਂ ਆਉਂਦੀਆਂ ਹਨ। ਐਮਰਜੈਂਸੀ ਸੇਵਾਵਾਂ ਦੀ ਅਣਹੌਂਦ ਕਾਰਨ ਕਈ ਕੀਮਤੀ ਜਾਨਾਂ ਰਸਤੇ ਵਿੱਚ ਹੀ ਅਜਾਈਂ ਚਲੀਆਂ ਜਾਂਦੀਆਂ ਹਨ। ਆਗੂਆਂ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਖਿਆਲਾ ਕਲਾਂ ਵਿਖੇ ਮੌਜੂਦ ਸਰਕਾਰੀ ਬੁਨਿਆਦੀ ਢਾਂਚੇ ਅਤੇ ਬੱਸ ਸਟੈਂਡ ਦੇ ਨੇੜੇ ਹੋਣ ਕਾਰਨ ਇੱਥੇ ਆਧੁਨਿਕ ਮਸ਼ੀਨਰੀ ਸਥਾਪਿਤ ਕਰਨ ਵਿੱਚ ਕੋਈ ਜ਼ਮੀਨੀ ਰੁਕਾਵਟ ਨਹੀਂ ਹੈ। ਇਸ ਤੋਂ ਇਲਾਵਾ, ਇਹ ਸਥਾਨ ਨੈਸ਼ਨਲ ਹਾਈਵੇ ਅਤੇ ਬਾਈਪਾਸ ਨਾਲ ਜੁੜਿਆ ਹੋਣ ਕਰਕੇ ਇੱਥੇ ਟ੍ਰੈਫ਼ਿਕ ਜਾਮ ਦੀ ਵੀ ਕੋਈ ਸਮੱਸਿਆ ਨਹੀਂ ਹੈ, ਜਿਸ ਨਾਲ ਐਂਬੂਲੈਂਸਾਂ ਦੀ ਆਵਾਜਾਈ ਨਿਰਵਿਘਨ ਜਾਰੀ ਰਹਿ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਖਿਆਲਾਂ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਤੁਰੰਤ ਅਪਗ੍ਰੇਡ ਕਰਕੇ ਉੱਥੇ ਟਰੌਮਾ ਸੈਂਟਰ ਬਣਾਇਆ ਜਾਵੇ ਅਤੇ ਹਸਪਤਾਲ ਵਿੱਚ ਐੱਮ.ਆਰ.ਆਈ. ਸਕੈਨਰ ਸਮੇਤ ਮਿਆਰੀ ਮੈਡੀਕਲ ਮਸ਼ੀਨਰੀ, ਲੋੜੀਂਦੇ ਮਾਹਰ ਡਾਕਟਰਾਂ ਤੇ ਅਮਲੇ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਅਤੇ ਦੂਰੀ ਦੀ ਮਾਰ ਤੋਂ ਬਚਦਿਆਂ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਸਹੀ ਸਮੇਂ ਤੇ ਉੱਚ ਪੱਧਰੀ ਐਮਰਜੈਂਸੀ ਸਿਹਤ ਸੇਵਾਵਾਂ ਮਿਲ ਸਕਣ।