ਕੋਟੜਾ ਕਲਾਂ ਬੱਸ ਭੰਨਤੋੜ ਮਾਮਲਾ ਸੁਲਝਿਆ, ਦੋਵਾਂ ਧਿਰਾਂ ’ਚ ਹੋਈ ਗੱਲਬਾਤ
ਪਿੰਡ ਕੋਟੜਾ ਕਲਾਂ
Publish Date: Thu, 26 Mar 2026 08:21 PM (IST)
Updated Date: Thu, 26 Mar 2026 08:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਕੋਟੜਾ ਕਲਾਂ ਵਿਖੇ ਪੀਆਰਟੀਸੀ ਬੱਸ ਦੇ ਤੋੜੇ ਗਏ ਸੀਸ਼ਿਆਂ ਦਾ ਮਾਮਲਾ ਉਦੋਂ ਸੁਲਝ ਗਿਆ, ਜਦੋਂ ਥਾਣਾ ਭੀਖੀ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਦੋਵਾਂ ਧਿਰਾਂ ਦੀ ਹੋਈ ਗੱਲਬਾਤ ਤੋਂ ਬਾਅਦ ਮਾਮਲਾ ਸੁਲਝ ਗਿਆ। ਪਿੰਡ ਕੋਟੜਾ ਕਲਾਂ ’ਚ ਬੱਸ ਦੀ ਭੰਨਤੋੜ ਨੂੰ ਲੈ ਕੇ ਉਕਤ ਲੋਕਾਂ ਵੱਲੋਂ ਅਫ਼ਸੋਸ ਜਾਹਿਰ ਕੀਤਾ। ਦੋਵਾਂ ਧਿਰਾਂ ਵਿਚਕਾਰ ਗੱਲਬਾਤ ਹੋਣ ਤੋਂ ਬਾਅਦ ਮਾਮਲਾ ਸੁਲਝ ਗਿਆ। ਪੀਆਰਟੀਸੀ ਮੁਲਾਜ਼ਮ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਪਟਿਆਲਾ ਤੋਂ ਮਾਨਸਾ ਵੱਲ ਬੱਸ ਲੈ ਕੇ ਆ ਰਹੇ ਸਨ। ਜਦੋਂ ਬੱਸ ਪਿੰਡ ਕੋਟੜਾ ਕਲਾਂ ਨੇੜੇ ਪਹੁੰਚੀ ਤਾਂ ਕੁਝ ਵਿਅਕਤੀਆਂ ਵੱਲੋਂ ਬੱਸ ਨੂੰ ਰੋਕ ਡਰਾਈਵਰ ਨਾਲ ਬਹਿਸਬਾਜ਼ੀ ਕੀਤੀ। ਇਸ ਬਾਅਦ ਜਦੋਂ ਬੱਸ ਅੱਗੇ ਤੁਰਨ ਲੱਗੀ ਤਾਂ ਕੁਝ ਲੋਕਾਂ ਵੱਲੋਂ ਇੱਟਾਂ, ਰੋੜੇ ਮਾਰੇ ਗਏ। ਇਸ ਕਾਰਨ ਬੱਸ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਤੁਰੰਤ ਥਾਣਾ ਭੀਖੀ ਪੁਲਿਸ ਨੂੰ ਦਿੱਤੀ ਗਈ ਸੀ। ਅੱਜ ਪੁਲਿਸ ਵੱਲੋਂ ਦੋਵਾਂ ਪੱਖਾਂ ਨੂੰ ਬੁਲਾ ਕੇ ਮਾਮਲੇ ਦੀ ਸੁਣਵਾਈ ਕੀਤੀ ਗਈ। ਥਾਣਾ ਭੀਖੀ ਪੁਲਿਸ ਅਨੁਸਾਰ ਦੋਵਾਂ ਧਿਰਾਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਗੱਲਬਾਤ ਕਰਵਾਈ ਗਈ, ਇਸ ਤੋਂ ਬਾਅਦ ਮਾਮਲਾ ਰਾਜੀਨਾਮੇ ਨਾਲ ਸੁਲਝ ਗਿਆ। ਪਿੰਡ ਕੋਟੜਾ ਕਲਾਂ ਦੇ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਸਹਿਮਤੀ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਪੱਖਾਂ ਵਿਚਕਾਰ ਸਹਿਮਤੀ ਬਣ ਜਾਣ ਕਾਰਨ ਅੱਗੇ ਦੀ ਕਾਰਵਾਈ ਨਹੀਂ ਕੀਤੀ ਗਈ।