- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਅਧਿਆਪਕ ਜੋੜੇ ਦੇ ਮਾਪੇ ਤੇਲ ਦੀ ਬੋਤਲ ਲੈ ਕੇ ਪਿੰਡ ਵਿੱਚ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਏ, ਜਿਨ੍ਹਾਂ ਨੇ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਤੇਲ ਪਾਕੇ ਆਤਮ ਹੱਤਿਆ ਕਰ ਲੈਣਗੇ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਕ ਨਿੱਜੀ ਸਕੂਲ ਹਿੱਸੇਦਾਰੀ ਵਿੱਚ ਲੈਣ - ਦੇਣ ਨੂੰ ਲੈ ਕੇ ਪ੍ਰੇਸ਼ਾਨ ਇੱਕ ਮਹਿਲਾ ਵੱਲੋਂ ਖੁਦਕੁਸ਼ੀ ਕਰ ਲੈਣ ਦੇ ਮਾਮਲੇ ’ਚ ਅਧਿਆਪਕ ਜੋੜੇ ’ਤੇ ਪਰਚਾ ਦਰਜ ਕਰਨ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਜੋਗਾ ਪੁਲਿਸ ਨੇ ਕੁੱਝ ਦਿਨ ਪਹਿਲਾਂ ਪਿੰਡ ਅਕਲੀਆ ਦੀ ਵਿਆਹੁਤਾ ਕਿਰਨਜੀਤ ਕੌਰ ਵੱਲੋਂ ਖੁਦਕੁਸ਼ੀ ਕਰਨ ਨੂੰ ਲੈ ਕੇ ਅਧਿਆਪਕ ਜਗਤਾਰ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਖਿਲਾਫ਼ ਕੇੇਸ ਦਰਜ ਕਰ ਲਿਆ ਸੀ। ਇਸ ਦੇ ਵਿਰੋਧ ਵਿੱਚ ਅੱਜ ਅਧਿਆਪਕ ਜੋੜੇ ਦੇ ਮਾਪੇ ਤੇਲ ਦੀ ਬੋਤਲ ਲੈ ਕੇ ਪਿੰਡ ਵਿੱਚ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਏ, ਜਿਨ੍ਹਾਂ ਨੇ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਤੇਲ ਪਾਕੇ ਆਤਮ ਹੱਤਿਆ ਕਰ ਲੈਣਗੇ।
ਦੂਜੇ ਪਾਸੇ ਮ੍ਰਿਤਕ ਕਿਰਨਜੀਤ ਕੌਰ ਦੇ ਪਰਿਵਾਰ ਨੇ ਕਸੂਰਵਾਰਾਂ ਦੀ ਗ੍ਰਿਫ਼ਤਾਰੀ ਨਾ ਕਰਨ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬੁੱਧਵਾਰ ਦੀ ਸ਼ਾਮ ਤੱਕ ਦੋਵਾਂ ਧਿਰਾਂ ਵਿੱਚ ਕੋਈ ਵੀ ਸਹਿਮਤੀ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਇੱਕ ਨਿੱਜੀ ਸਕੂਲ ਦੀ ਹਿੱਸੇਦਾਰੀ ਦੇ ਹਿਸਾਬ ਨੂੰ ਲੈ ਕੇ ਦੇਣਦਾਰੀ ਨਾ ਦੇਣ ਤੋਂ ਪਰੇਸ਼ਾਨ ਹਿੱਸੇਦਾਰ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰ ਲਈ ਸੀ। ਜੋਗਾ ਪੁਲੀਸ ਨੇ ਮ੍ਰਿਤਕ ਪਤੀ ਦੇ ਬਿਆਨਾਂ ’ਤੇ ਅਧਿਆਪਕ ਜਗਤਾਰ ਸਿੰਘ ਅਤੇ ਉਸਦੀ ਪਤਨੀ ਅਧਿਆਪਕਾ ਮਨਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਸਦੇ ਵਿਰੋਧ ਵਿੱਚ ਅੱਜ ਜਗਤਾਰ ਸਿੰਘ ਦੇ ਮਾਪੇ ਪਿਤਾ ਹਮੀਰ ਸਿੰਘ ਅਤੇ ਮਾਤਾ ਹਰਜੀਤ ਕੌਰ ਵਾਸੀ ਪਿੰਡ ਝੱਬਰ ਤੇਲ ਦੀਆਂ ਬੋਤਲਾਂ ਅਤੇ ਖੁਦਕੁਸ਼ੀ ਨੋਟ ਲੈ ਕੇ ਵਾਟਰ ਵਰਕਸ ਦੀ ਟੈਂਕੀ ’ਤੇ ਜਾ ਚੜ੍ਹੇ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ ਤਫਤੀਸ਼ ਕਰਨੀ ਚਾਹੀਦੀ ਹੈ ਅਤੇ ਇਸ ਮੌਤ ਦਾ ਸੱਚ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਘਰੇਲੂ ਅਤੇ ਹੋਰ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ ਹੈ। ਇਸ ਨਾਲ ਉਸਦੇ ਪੁੱਤ ਅਤੇ ਨੂੰਹ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਣ-ਬੁੱਝਕੇ ਉਸ ਨੂੰ ਇਸ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਦਾ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਦੂਜੇ ਪਾਸੇ ਮ੍ਰਿਤਕਾ ਕਿਰਨਜੀਤ ਕੌਰ ਦੇ ਪਤੀ ਲੱਖਾ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਕਸੂਰਵਾਰਾਂ ਦੀ ਗ੍ਰਿਫ਼ਤਾਰੀ ਹੋਣ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ ਸਕੂਲ ਵਿੱਚ ਉਨ੍ਹਾਂ ਦੀ ਦੀ ਲੈਣਦਾਰੀ ਹੈ। ਇਸ ਸਭ ਨੂੰ ਹੜੱਪਣ ਲਈ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਹਨ।
ਦੋਹਾਂ ਧਿਰਾਂ ਵਿੱਚ ਸਹਿਮਤੀ ਬਣਾਉਣ ਨੂੰ ਲੈਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲੱਗਿਆ ਰਿਹਾ, ਪਰ ਦੋਵੇਂ ਧਿਰਾਂ ਆਪਣੀ-ਆਪਣੀ ਮੰਗ ’ਤੇ ਅੜੀਆਂ ਹੋਈਆਂ ਹਨ ਅਤੇ ਉਨ੍ਹਾਂ ਵਿੱਚ ਆਪਸੀ ਸਹਿਮਤੀ ਨਹੀਂ ਹੋ ਸਕੀ ਹੈ।